- ਸਮਾਰਕ 1971 ਦੀ ਜੰਗ ਵਿੱਚ ਪਾਕਿਸਤਾਨ ਦੀ ਹਾਰ ਨੂੰ ਦਰਸਾਉਂਦਾ ਸੀ
ਨਵੀਂ ਦਿੱਲੀ, 13 ਅਗਸਤ 2024 – ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ 1971 ਦੀ ਜੰਗ ਨਾਲ ਸਬੰਧਤ ਇੱਕ ਰਾਸ਼ਟਰੀ ਸਮਾਰਕ ਨੂੰ ਢਾਹ ਦਿੱਤਾ ਹੈ। ਮੁਜੀਬਨਗਰ ਵਿੱਚ ਸਥਿਤ ਇਹ ਸਮਾਰਕ ਭਾਰਤ-ਮੁਕਤੀਵਾਹਿਨੀ ਫੌਜ ਦੀ ਜਿੱਤ ਅਤੇ ਪਾਕਿਸਤਾਨੀ ਫੌਜ ਦੀ ਹਾਰ ਦਾ ਪ੍ਰਤੀਕ ਸੀ।
16 ਦਸੰਬਰ 1971 ਨੂੰ ਪਾਕਿਸਤਾਨ ਦੇ ਲੈਫਟੀਨੈਂਟ ਜਨਰਲ ਏ.ਏ.ਕੇ. ਨਿਆਜ਼ੀ ਨੇ ਹਜ਼ਾਰਾਂ ਸੈਨਿਕਾਂ ਸਮੇਤ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਨੇ ਭਾਰਤੀ ਫੌਜ ਦੇ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ-ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ। ਉਨ੍ਹਾਂ ਦੀ ਤਸਵੀਰ ਇਸ ਸਮਾਰਕ ਵਿੱਚ ਦਰਸਾਈ ਗਈ ਸੀ।
ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸ਼ੇਖ ਹਸੀਨਾ ਨੂੰ ਵਾਪਸ ਆਉਣ ਲਈ ਕਿਹਾ ਹੈ। ਹਸੀਨਾ ਦੇ ਅਸਤੀਫੇ ਤੋਂ ਬਾਅਦ ਬਣੀ ਸਰਕਾਰ ਵਿੱਚ ਗ੍ਰਹਿ ਮੰਤਰਾਲੇ ਦਾ ਚਾਰਜ ਸੰਭਾਲ ਰਹੇ ਬ੍ਰਿਗੇਡੀਅਰ ਜਨਰਲ ਐਮ ਸਖਾਵਤ ਨੇ ਕਿਹਾ ਹੈ ਕਿ ਹਸੀਨਾ ਦੀ ਪਾਰਟੀ ਨੂੰ ਨਵੇਂ ਚਿਹਰਿਆਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਸੀਨਾ ਨੂੰ ਦੇਸ਼ ਤੋਂ ਬਾਹਰ ਨਹੀਂ ਕੱਢਿਆ ਗਿਆ ਸੀ, ਉਹ ਖੁਦ ਭੱਜ ਗਈ ਸੀ। ਸਖਾਵਤ ਨੇ ਕਿਹਾ ਹੈ ਕਿ ਉਹ ਵਾਪਸ ਪਰਤ ਸਕਦੀ ਹੈ, ਸਿਰਫ ਦੇਸ਼ ਦੇ ਹਾਲਾਤ ਦੁਬਾਰਾ ਖਰਾਬ ਕਰਨ ਲਈ ਨਹੀਂ। ਸਖਾਵਤ ਨੇ ਇਹ ਵੀ ਕਿਹਾ ਕਿ ਹਸੀਨਾ ਦੇ ਦਿੱਲੀ ‘ਚ ਰਹਿਣ ਨਾਲ ਭਾਰਤ-ਬੰਗਲਾਦੇਸ਼ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ।