ਨਵੀਂ ਦਿੱਲੀ, 31 ਜਨਵਰੀ 2025 – ਅਮਰੀਕਾ ਦੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਫੌਜ ਦੇ ਹੈਲੀਕਾਪਟਰ ਅਤੇ ਇੱਕ ਜੈੱਟਲਾਈਨਰ ਵਿਚਕਾਰ ਹੋਈ ਦਰਦਨਾਕ ਟੱਕਰ ਵਿੱਚ ਮਾਰੇ ਗਏ 67 ਲੋਕਾਂ ਵਿੱਚ ਭਾਰਤੀ ਪ੍ਰਵਾਸੀਆਂ ਦੀ ਧੀ ਆਸਰਾ ਹੁਸੈਨ ਰਜ਼ਾ ਵੀ ਸ਼ਾਮਲ ਹੈ। ਇੱਕ ਮੀਡੀਆ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
2001 ਤੋਂ ਬਾਅਦ ਅਮਰੀਕਾ ਵਿੱਚ ਇਹ ਟੱਕਰ ਸਭ ਤੋਂ ਘਾਤਕ ਹਵਾਬਾਜ਼ੀ ਹਾਦਸਾ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਅਮਰੀਕਨ ਏਅਰਲਾਈਨਜ਼ ਫਲਾਈਟ 5342 ਬੁੱਧਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਆਉਂਦੇ ਸਮੇਂ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਈ। ਮ੍ਰਿਤਕਾ ਦੇ ਸਹੁਰੇ ਡਾ. ਹਾਸ਼ਿਮ ਰਜ਼ਾ ਨੇ ਸੀ.ਐਨ.ਐਨ. ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ 26 ਸਾਲਾ ਰਜ਼ਾ ਕਈ ਪੀੜਤਾਂ ਵਿੱਚੋਂ ਇੱਕ ਸੀ।
ਹਾਸ਼ਿਮ ਰਜ਼ਾ ਨੇ ਦੱਸਿਆ ਕਿ ਭਾਰਤੀ ਪ੍ਰਵਾਸੀਆਂ ਦੀ ਧੀ ਰਜ਼ਾ ਨੇ 2020 ਵਿੱਚ ਇੰਡੀਆਨਾ ਯੂਨੀਵਰਸਿਟੀ ਤੋਂ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਅਗਸਤ 2023 ਵਿੱਚ ਆਪਣੇ ਕਾਲਜ ਪ੍ਰੇਮੀ ਨਾਲ ਵਿਆਹ ਕੀਤਾ। ਉਸਦੇ ਸਹੁਰੇ ਨੇ ਦੱਸਿਆ ਕਿ ਰਜ਼ਾ ਵਾਸ਼ਿੰਗਟਨ, ਡੀ.ਸੀ.-ਸਥਿਤ ਸਲਾਹਕਾਰ ਸੀ ਜੋ ਉੱਥੇ ਇੱਕ ਹਸਪਤਾਲ ਲਈ ਟਰਨਅਰਾਊਂਡ ਪ੍ਰੋਜੈਕਟ ‘ਤੇ ਕੰਮ ਕਰਨ ਲਈ ਮਹੀਨੇ ਵਿੱਚ ਦੋ ਵਾਰ ਵਿਚਿਟਾ ਜਾਂਦੀ ਸੀ। ਉਹ ਅਕਸਰ ਦੇਰੀ ਹੋਣ ‘ਤੇ ਉਸਨੂੰ ਫ਼ੋਨ ਕਰ ਦਿੰਦੀ ਸੀ ।
ਪੋਟੋਮੈਕ ਹਾਦਸੇ ਦੀ ਪੀੜਤਾ ਦੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਨੇ ਉਸਨੂੰ ਟੈਕਸਟ ਕੀਤਾ ਕਿ ਉਹ ਉਤਰਨ ਵਾਲੀ ਹੈ, ਪਰ ਜਦੋਂ ਤੱਕ ਉਹ ਉਸਨੂੰ ਲੈਣ ਲਈ ਹਵਾਈ ਅੱਡੇ ‘ਤੇ ਪਹੁੰਚਿਆ, ਉਸਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਸੀ। ਹਮਾਦ ਰਜ਼ਾ ਨੇ ਕਿਹਾ, “ਉਸਨੇ ਕਿਹਾ ਸੀ ਕਿ ‘ਅਸੀਂ 20 ਮਿੰਟਾਂ ਵਿੱਚ ਉਤਰ ਰਹੇ ਹਾਂ'”। ਇਹ ਆਖਰੀ ਗੱਲ ਸੀ ਜੋ ਉਸਨੇ ਆਪਣੀ ਪਤਨੀ ਤੋਂ ਸੁਣੀ। ਮੈਂ ਇੰਤਜ਼ਾਰ ਕਰ ਰਿਹਾ ਸੀ ਅਤੇ ਮੇਰੇ ਕੋਲੋਂ ਬਹੁਤ ਸਾਰੇ ਈ.ਐਮ.ਐਸ ਵਾਹਨ ਤੇਜ਼ੀ ਨਾਲ ਲੰਘਦੇ ਦੇਖੇ। ਉਸਨੇ ਕਿਹਾ ਕਿ ਸਾਡੇ ਅਜੀਜ਼ ਦੁੱਖ ਦੀ ਇਸ ਘੜੀ ਵਿਚ ਸਾਡੇ ਨਾਲ ਹਨ।