ਬੇਕਾਸੀ (ਇੰਡੋਨੇਸ਼ੀਆ), 31 ਅਗਸਤ 2022 – ਦੱਖਣ-ਪੂਰਬੀ ਏਸ਼ੀਆ ਅਤੇ ਓਸ਼ੀਆਨਾ ਵਿੱਚ ਸਥਿਤ ਭਾਰਤ ਦੇ ਗੁਆਂਢੀ ਦੇਸ਼ ਇੰਡੋਨੇਸ਼ੀਆ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੇ ਪੱਛਮੀ ਜਾਵਾ ਸੂਬੇ ਦੇ ਬੇਕਾਸੀ ‘ਚ ਇਕ ਸਕੂਲ ਦੇ ਬਾਹਰ ਬੱਸ ਸਟਾਪ ਨੇੜੇ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਕਰੀਬ 10 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿਚ ਕੁਝ ਸਕੂਲੀ ਬੱਚੇ ਵੀ ਦੱਸੇ ਜਾ ਰਹੇ ਹਨ। ਇਸ ਦਰਦਨਾਕ ਘਟਨਾ ਵਿੱਚ ਦਰਜਨ ਤੋਂ ਵੱਧ ਸਕੂਲੀ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ ਹਨ।
ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਕਲਾਸ ਖਤਮ ਹੋਣ ਤੋਂ ਬਾਅਦ ਸਕੂਲੀ ਬੱਚੇ ਬੱਸ ਸਟੈਂਡ ‘ਤੇ ਬੱਸ ਦੇ ਆਉਣ ਦੀ ਉਡੀਕ ਕਰ ਰਹੇ ਸਨ। ਉਦੋਂ ਹੀ ਇਕ ਟਰੱਕ ਅਚਾਨਕ ਉਨ੍ਹਾਂ ਵੱਲ ਆਇਆ ਅਤੇ ਦੋ ਮੋਟਰਸਾਈਕਲਾਂ ਨਾਲ ਟਕਰਾ ਕੇ ਕੰਕਰੀਟ ਦੇ ਕਮਿਊਨੀਕੇਸ਼ਨ ਟਾਵਰ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਇਹ ਟਾਵਰ ਸੜਕ ਦੇ ਕਿਨਾਰੇ ਸਥਿਤ ਬੱਸ ਸਟਾਪ ‘ਤੇ ਡਿੱਗ ਗਿਆ, ਜਿਸ ਕਾਰਨ ਇਹ ਪੂਰਾ ਹਾਦਸਾ ਵਾਪਰ ਗਿਆ।
ਟ੍ਰੈਫਿਕ ਪੁਲਸ ਕਰਮਚਾਰੀ ਲਤੀਫ ਉਸਮਾਨ ਨੇ ਦੱਸਿਆ ਕਿ ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਕੁਝ ਸਕੂਲੀ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 20 ਬੱਚੇ ਜ਼ਖਮੀ ਹੋਏ ਹਨ। ਉਸਮਾਨ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। ਟਰੱਕ ਦੇ ਬ੍ਰੇਕ ਫੇਲ ਹੋਣ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਬੇਕਾਸੀ ਦੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੌਕੇ ਤੋਂ ਪ੍ਰਾਪਤ ਤਸਵੀਰਾਂ ਦਿਖਾਉਂਦੀਆਂ ਹਨ ਕਿ ਸੰਚਾਰ ਟਾਵਰ ਸਕੂਲ ਦੇ ਗੇਟ ਦੇ ਬਾਹਰ ਸੜਕ ਦੇ ਪਾਰ ਡਿੱਗਿਆ ਅਤੇ ਸੜਕ ਕਿਨਾਰੇ ਬੱਸ ਸਟਾਪ ਨਾਲ ਟਕਰਾ ਗਿਆ।