ਨਵੀਂ ਦਿੱਲੀ, 14 ਅਪ੍ਰੈਲ 2024 – ਈਰਾਨ ਦੀ ਫੌਜ ਨੇ ਲਗਭਗ 200 ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਸ਼ਨੀਵਾਰ ਦੇਰ ਰਾਤ ਇਸ ਹਮਲੇ ਦੀ ਜਾਣਕਾਰੀ ਦਿੱਤੀ। ਅਮਰੀਕੀ ਫੌਜ ਨੇ ਇਨ੍ਹਾਂ ‘ਚੋਂ ਕੁਝ ਡਰੋਨਾਂ ਨੂੰ ਡੇਗ ਦਿੱਤਾ। ਇਸ ਦੇ ਨਾਲ ਹੀ ਇਜ਼ਰਾਈਲ ਦੇ ਆਇਰਨ ਡੋਮ ਨੇ ਈਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਰੋਕ ਦਿੱਤਾ।
ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਇਜ਼ਰਾਈਲ ਦੇ ਫ਼ੌਜੀ ਅੱਡੇ ਨੂੰ ਨੁਕਸਾਨ ਪਹੁੰਚਿਆ ਹੈ। ਇਕ ਲੜਕੀ ਵੀ ਜ਼ਖਮੀ ਹੋਈ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਅਸੀਂ ਈਰਾਨ ‘ਚ ਕੁਝ ਡਰੋਨ ਉੱਡਦੇ ਦੇਖੇ ਹਨ, ਜਿਨ੍ਹਾਂ ਨੂੰ ਇੱਥੇ ਪਹੁੰਚਣ ‘ਚ ਕੁਝ ਘੰਟੇ ਲੱਗਣਗੇ। ਇਜ਼ਰਾਈਲੀ ਚੈਨਲ 12 ਨੇ ਦੱਸਿਆ ਕਿ ਈਰਾਨ ਨੇ ਡਰੋਨ ਹਮਲਾ ਸ਼ੁਰੂ ਕਰ ਦਿੱਤਾ ਹੈ। ਸੀਰੀਆ ਅਤੇ ਜਾਰਡਨ ਵਿੱਚ ਕੁਝ ਡਰੋਨਾਂ ਨੂੰ ਮਾਰ ਸੁੱਟਿਆ ਗਿਆ ਹੈ।
ਈਰਾਨ ਨੇ ਇਜ਼ਰਾਈਲ ‘ਤੇ 200 ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਡਰੋਨ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਕਿਲਰ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਯੇਰੂਸ਼ਲਮ ਸਮੇਤ ਇਜ਼ਰਾਈਲ ਦੇ ਕਈ ਸ਼ਹਿਰਾਂ ‘ਚ ਧਮਾਕਿਆਂ ਅਤੇ ਸਾਇਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਪੂਰੇ ਦੇਸ਼ ਦੀ ਕਿਲ੍ਹਾਬੰਦੀ ਕਰ ਦਿੱਤੀ ਗਈ ਹੈ। ਇਜ਼ਰਾਈਲੀ ਫੌਜ ਨੇ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈ। ਫੌਜ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਈਰਾਨ ਅਗਲੇ ਕੁਝ ਘੰਟਿਆਂ ‘ਚ ਇਜ਼ਰਾਈਲ ‘ਤੇ ਹੋਰ ਮਿਜ਼ਾਈਲ ਹਮਲੇ ਕਰ ਸਕਦਾ ਹੈ। ਇਜ਼ਰਾਈਲ ‘ਤੇ ਅੰਨ੍ਹੇਵਾਹ ਹਮਲੇ ਕਰ ਰਹੇ ਈਰਾਨ ਨੇ ਇਸਰਾਈਲ ਦੇ ਲਗਾਤਾਰ ਕੀਤੇ ਜਾ ਰਹੇ ਅਪਰਾਧਾਂ ਦੀ ਸਜ਼ਾ ਦੱਸਿਆ ਹੈ। ਈਰਾਨ ਦੀ ਫੌਜ ਨੇ ਇਕ ਬਿਆਨ ਜਾਰੀ ਕਰਕੇ ਇਸ ਹਮਲੇ ਨੂੰ ਆਪ੍ਰੇਸ਼ਨ ਟਰੂ ਪ੍ਰੋਮਿਸ ਦਾ ਨਾਂ ਦਿੱਤਾ ਹੈ।
ਦਰਅਸਲ 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ ‘ਚ ਈਰਾਨੀ ਦੂਤਾਵਾਸ ਨੇੜੇ ਹਵਾਈ ਹਮਲਾ ਕੀਤਾ ਸੀ। ਇਸ ‘ਚ ਈਰਾਨ ਦੇ ਦੋ ਚੋਟੀ ਦੇ ਫੌਜ ਕਮਾਂਡਰਾਂ ਸਮੇਤ 13 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਈਰਾਨ ਨੇ ਬਦਲੇ ‘ਚ ਇਜ਼ਰਾਈਲ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ।