ਨਵੀਂ ਦਿੱਲੀ, 8 ਨਵੰਬਰ 2024 – ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਅਗਲੇ ਕਾਰਜਕਾਲ ਲਈ ਕੈਬਨਿਟ ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਨਵਰੀ ’ਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਆਪਣੀ ਕੈਬਨਿਟ ਦੇ ਚਿਹਰਿਆਂ ਦੀ ਚੋਣ ਕਰ ਲੈਣਗੇ। ਇਸ ਵਾਰ ਟਰੰਪ ਦੀ ਕੈਬਨਿਟ ਵਿਚ ਕਈ ਅਹਿਮ ਤੇ ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਦੇ ਨਾਲ ਹੀ ਟਰੰਪ ਆਪਣੇ ਪੁਰਾਣੇ ਸਹਿਯੋਗੀਆਂ ਵਿਚੋਂ ਮਾਈਕ ਪੋਂਪੀਓ ਵਰਗੇ ਨਾਵਾਂ ਨੂੰ ਵੀ ਕੈਬਨਿਟ ਵਿਚ ਸ਼ਾਮਲ ਕਰ ਸਕਦੇ ਹਨ। ਇਕ ਪ੍ਰਮੁੱਖ ਤਬਦੀਲੀ ਤਹਿਤ ਭਾਰਤੀ ਮੂਲ ਦੇ ਕਸ਼ਯਪ ਪਟੇਲ ਨੂੰ ਵੀ ਅਹਿਮ ਅਹੁਦਾ ਮਿਲਣ ਦੀ ਸੰਭਾਵਨਾ ਹੈ।
ਵਿੱਤ ਮੰਤਰਾਲਾ ਲਈ ਟਰੰਪ ਦੇ ਪ੍ਰਮੁੱਖ ਸਲਾਹਕਾਰਾਂ ਵਿਚੋਂ ਸਕਾਟ ਬੇਸੈਂਟ ਦਾ ਨਾਂ ਚਰਚਾ ਵਿਚ ਹੈ। ਕਸ਼ਯਪ ਪਟੇਲ ਟਰੰਪ ਪ੍ਰਸ਼ਾਸਨ ਵਿਚ ਪਹਿਲਾਂ ਵੀ ਸੁਰੱਖਿਆ ਤੇ ਖੁਫੀਆ ਵਿਭਾਗ ਵਿਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ। ਟਰੰਪ ਦੇ ਅਗਲੇ ਕਾਰਜਕਾਲ ’ਚ ਪਟੇਲ ਦੀ ਭੂਮਿਕਾ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਉੱਚ ਅਹੁਦਿਆਂ ਵਿਚੋਂ ਕਿਸੇ ਇਕ ਲਈ ਚੁਣੇ ਜਾਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਸੀ. ਆਈ. ਏ. ਚੀਫ ਵੀ ਬਣ ਸਕਦੇ ਹਨ। ਅਗਲੇ ਕੁਝ ਮਹੀਨਿਆਂ ਵਿਚ ਇਨ੍ਹਾਂ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਇਹ ਸਪਸ਼ਟ ਹੋ ਸਕੇਗਾ ਕਿ ਟਰੰਪ ਆਪਣੇ ਅਗਲੇ ਕਾਰਜਕਾਲ ’ਚ ਕਿਨ੍ਹਾਂ ਲੋਕਾਂ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕਰਨਗੇ।