ਨਵੀਂ ਦਿੱਲੀ, 10 ਨਵੰਬਰ 2024 – ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਬਿਆਨ ਦਿੱਤਾ ਹੈ। ਉਸ ਨੇ ਪਹਿਲੀ ਵਾਰ ਮੰਨਿਆ ਹੈ ਕਿ ਕੈਨੇਡਾ ਵਿਚ ਖਾਲਿਸਤਾਨ ਸਮਰਥਕ ਮੌਜੂਦ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਕ ਪੂਰੀ ਸਿੱਖ ਕੌਮ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਟਰੂਡੋ ਨੇ ਇਹ ਗੱਲ 8 ਨਵੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਹਿੱਲ ਵਿਖੇ ਆਯੋਜਿਤ ਦੀਵਾਲੀ ਸਮਾਰੋਹ ਦੌਰਾਨ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ‘ਚ ਰਹਿਣ ਵਾਲੇ ਕਈ ਹਿੰਦੂ ਵੀ ਪੀਐੱਮ ਮੋਦੀ ਦੇ ਸਮਰਥਕ ਹਨ, ਪਰ ਉਹ ਪੂਰੇ ਕੈਨੇਡੀਅਨ ਹਿੰਦੂ ਸਮਾਜ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਦਰਅਸਲ, ਭਾਰਤ ਦਾ ਦੋਸ਼ ਹੈ ਕਿ ਕੈਨੇਡਾ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਹੁਣ ਤੱਕ ਕੈਨੇਡੀਅਨ ਪੀਐਮ ਅਤੇ ਹੋਰ ਮੰਤਰੀ ਇਸ ਦੋਸ਼ ਨੂੰ ਰੱਦ ਕਰਦੇ ਆਏ ਹਨ। ਅਜਿਹੇ ‘ਚ ਟਰੂਡੋ ਦੇ ਇਸ ਬਿਆਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਕੈਨੇਡਾ ਨੇ 8 ਨਵੰਬਰ ਤੋਂ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਵੀਜ਼ਾ ਪ੍ਰੋਗਰਾਮ ਬੰਦ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਕੈਨੇਡਾ ਨੇ 2018 ਵਿੱਚ ਐਸਡੀਐਸ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਤਹਿਤ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਦੇਣ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਭਾਰਤ ਤੋਂ ਇਲਾਵਾ ਇਨ੍ਹਾਂ 14 ਦੇਸ਼ਾਂ ‘ਚ ਪਾਕਿਸਤਾਨ, ਚੀਨ, ਮੋਰੱਕੋ ਵਰਗੇ ਦੇਸ਼ ਸ਼ਾਮਲ ਹਨ।
ਰਿਪੋਰਟਾਂ ਮੁਤਾਬਕ ਕੈਨੇਡੀਅਨ ਸਰਕਾਰ ਇੱਥੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ। ਇਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਸਰਕਾਰ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ ਹੈ, ‘ਅਸੀਂ ਦੁਨੀਆ ਦੇ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਚਾਹੁੰਦੇ ਹਾਂ। ਇਸ ਲਈ ਕੁਝ ਦੇਸ਼ਾਂ ਲਈ ਸ਼ੁਰੂ ਕੀਤੀ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੁਣ ਦੁਨੀਆ ਭਰ ਦੇ ਸਾਰੇ ਵਿਦਿਆਰਥੀ ਵਿਦਿਆਰਥੀ ਵੀਜ਼ਾ ਲਈ ਬਰਾਬਰ ਅਪਲਾਈ ਕਰ ਸਕਦੇ ਹਨ।