ਚੰਡੀਗੜ੍ਹ, 9 ਫਰਵਰੀ 2023 – ਤੁਰਕੀ ਅਤੇ ਸੀਰੀਆ ‘ਚ ਆਏ ਭੂਚਾਲ ਤੋਂ ਬਾਅਦ ਰਾਹਤ ਕਾਰਜ ਜਾਰੀ ਹਨ। ਮਨੁੱਖਤਾ ਦੀ ਸੇਵਾ ਲਈ ਜਾਣੀ ‘ਖਾਲਸਾ ਏਡ’ ਨੇ ਵੀ ਮੋਰਚਾ ਸੰਭਾਲ ਲਿਆ ਹੈ ਜੋ ਕਿ ਭੂਚਾਲ ਪੀੜਤਾਂ ਨੂੰ ਲੋੜੀਦਾ ਸਾਮਾਨ ਪਹੁੰਚਾ ਰਹੀ ਹੈ। ਜਿਸ ਦੀਆਂ ਤਸਵੀਰਾਂ ਖਾਸਲਾ ਏਡ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।
ਤੁਰਕੀ ਅਤੇ ਸੀਰੀਆ ‘ਚ ਭੂਚਾਲ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਹੁਣ ਤੱਕ ਕੁੱਲ 11,719 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਦੋਵਾਂ ਦੇਸ਼ਾਂ ਦੀ ਮਦਦ ਲਈ 70 ਤੋਂ ਵੱਧ ਦੇਸ਼ ਅੱਗੇ ਆਏ ਹਨ।
ਤੁਰਕੀ ਅਤੇ ਸੀਰੀਆ ਦੇ ਕਈ ਸ਼ਹਿਰ ਸੋਮਵਾਰ ਤੜਕੇ ਭੂਚਾਲ ਦੀ ਲਪੇਟ ‘ਚ ਆ ਗਏ ਸਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਤੁਰਕੀ ਅਤੇ ਸੀਰੀਆ ਵਿੱਚ ਵਿਆਪਕ ਨੁਕਸਾਨ ਹੋਇਆ ਹੈ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 4.17 ‘ਤੇ ਉਦੋਂ ਆਇਆ ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਸੁੱਤੇ ਹੋਏ ਸਨ। ਅਜਿਹੇ ‘ਚ ਜਦੋਂ ਭੂਚਾਲ ਆਇਆ ਅਤੇ ਇਮਾਰਤਾਂ ਢਹਿ ਗਈਆਂ ਤਾਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦਾ ਕੋਈ ਮੌਕਾ ਨਹੀਂ ਮਿਲਿਆ। ਪਲਾਂ ਵਿੱਚ ਹੀ ਇਮਾਰਤਾਂ ਢਹਿ ਗਈਆਂ ਅਤੇ ਘਰਾਂ ਵਿੱਚ ਸੁੱਤੇ ਲੋਕ ਮਲਬੇ ਹੇਠ ਦੱਬ ਗਏ।