- ਹਾਦਸੇ ‘ਚ 19 ਜਣੇ ਹੋਏ ਜ਼ਖਮੀ
- ਬੱਸ ਦਾ ਸੰਤੁਲਨ ਵਿਗੜਣ ਕਾਰਨ ਵਾਪਰਿਆ ਹਾਦਸਾ
ਨਵੀਂ ਦਿੱਲੀ, 6 ਜੁਲਾਈ 2023 – ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ ‘ਚ ਬੁੱਧਵਾਰ ਰਾਤ ਨੂੰ ਇਕ ਬੱਸ 80 ਫੁੱਟ ਉੱਚੀ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਸਾਲ ਦੇ ਬੱਚੇ ਸਮੇਤ 29 ਲੋਕਾਂ ਦੀ ਜਾਨ ਚਲੀ ਗਈ। 19 ਲੋਕ ਜ਼ਖਮੀ ਹੋ ਗਏ ਹਨ। ਬੱਸ ਮੈਕਸੀਕੋ ਸਿਟੀ ਤੋਂ ਓਕਸਾਕਾ ਦੇ ਯੋਸੁੰਦੁਆ ਜਾ ਰਹੀ ਸੀ।
ਓਕਸਾਕਾ ਸਰਕਾਰ ਦੇ ਸਕੱਤਰ ਜਨਰਲ ਜੀਸਸ ਰੋਮੇਰੋ ਲੋਪੇਜ਼ ਨੇ ਕਿਹਾ ਕਿ ਇਹ ਹਾਦਸਾ ਮਾਗਡਾਲੇਨਾ ਪੇਨਾਸਕੋ ਪਿੰਡ ਦੇ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ 13 ਪੁਰਸ਼, 13 ਔਰਤਾਂ ਅਤੇ ਇੱਕ ਸਾਲ ਦਾ ਬੱਚਾ ਸ਼ਾਮਲ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਜੀਸਸ ਰੋਮੇਰੋ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਜਿਹਾ ਲੱਗ ਰਿਹਾ ਹੈ ਕਿ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਅਲ ਜਜ਼ੀਰਾ ਮੁਤਾਬਕ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਖਾਈ ‘ਚ ਜਾ ਡਿੱਗੀ। ਜਿਸ ਸ਼ਹਿਰ ਵਿੱਚ ਇਹ ਹਾਦਸਾ ਹੋਇਆ ਹੈ ਉਹ ਪਹਾੜੀ ਖੇਤਰ ਵਿੱਚ ਸਥਿਤ ਹੈ। ਇੱਥੇ ਘੁੰਮਣ ਵਾਲੀਆਂ ਸੜਕਾਂ ਅਤੇ ਡੂੰਘੀਆਂ ਖੱਡਾਂ ਹਨ।
ਸਿਵਲ ਪ੍ਰੋਟੈਕਸ਼ਨ ਦੀ ਬਚਾਅ ਟੀਮ ਨੇ ਜ਼ਖਮੀਆਂ ਨੂੰ ਨੇੜਲੇ ਪਿੰਡ ਪਹੁੰਚਾਇਆ। ਇੱਥੋਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਸਿਵਲ ਪ੍ਰੋਟੈਕਸ਼ਨ ਏਜੰਸੀ ਮੁਤਾਬਕ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਜ਼ਖਮੀਆਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ‘ਚ ਸਨ। ਬੱਸ ਨੂੰ ਕੱਢਣ ਲਈ ਕਰੇਨ ਦੀ ਮਦਦ ਲਈ ਗਈ।