- ਮ੍ਰਿਤਕਾਂ ‘ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਨਵੀਂ ਦਿੱਲੀ, 4 ਅਪ੍ਰੈਲ 2025 – ਬੀਤੇ ਸ਼ੁੱਕਰਵਾਰ ਮਿਆਂਮਾਰ ‘ਚ ਆਏ ਭੂਚਾਲ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 3,145 ਹੋ ਗਈ ਹੈ, ਜਦਕਿ 4,589 ਹੋਰ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 221 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ।
ਮ੍ਰਿਤਕਾਂ ‘ਚ 5 ਚੀਨ ਦੇ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜਦਕਿ 13 ਹੋਰ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਆਏ 7.7 ਤੀਬਰਤਾ ਦੇ ਭੂਚਾਲ ਕਾਰਨ ਮਿਆਂਮਾਰ ਤੇ ਥਾਈਲੈਂਡ ‘ਚ ਕਾਫ਼ੀ ਤਬਾਹੀ ਮਚੀ ਸੀ ਤੇ ਮਿਆਂਮਾਰ ‘ਚ ਤਾਂ ਪੁਰਾਣੇ ਮੰਦਰ ਤੇ ਕਈ ਇਮਾਰਤਾਂ ਵੀ ਢਹਿ-ਢੇਰੀ ਹੋ ਚੁੱਕੀਆਂ ਹਨ।
ਉੱਥੇ ਹਾਲੇ ਤੱਕ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਭੂਚਾਲ ਦੀ ਮਾਰ ਝੱਲ ਰਹੇ ਮਿਆਂਮਾਰ ਦੀ ਮਦਦ ਲਈ ਅੱਗੇ ਆਏ ਹਨ ਤੇ ਹਰ ਸੰਭਵ ਮਦਦ ਦਾ ਭਰੋਸਾ ਜਤਾ ਰਹੇ ਹਨ। ਇਸੇ ਦੌਰਾਨ ਭਾਰਤ ਨੇ 60 ਟਨ ਰਾਹਤ ਸਮੱਗਰੀ ਤੇ ਮੈਡੀਕਲ ਟੀਮ ਵੀ ਮਿਆਂਮਾਰ ਲਈ ਭੇਜ ਦਿੱਤੀ ਹੈ।

