- ਅਦਾਲਤ ਨੇ ਕਿਹਾ ਜਾਂਚ ਅਤੇ ਗਵਾਹਾਂ ਨੂੰ ਕਰ ਸਕਦੇ ਨੇ ਪ੍ਰਭਾਵਿਤ
ਨਵੀਂ ਦਿੱਲੀ, 8 ਮਈ 2024 – PNB ਘੁਟਾਲਾ ਮਾਮਲੇ ਦੇ ਮੁੱਖ ਦੋਸ਼ੀ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਉਸਨੇ 16 ਅਪ੍ਰੈਲ 2024 ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ 5ਵੀਂ ਵਾਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਨੀਰਵ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਹੈ। ਉਸ ਨੇ ਲੰਬੀ ਕੈਦ ਦਾ ਹਵਾਲਾ ਦਿੰਦੇ ਹੋਏ ਪੰਜਵੀਂ ਵਾਰ ਪਟੀਸ਼ਨ ਦਾਇਰ ਕੀਤੀ ਸੀ। ਉਸ ਦੀ ਪਿਛਲੀ ਪਟੀਸ਼ਨ ਸਾਢੇ ਤਿੰਨ ਸਾਲ ਪਹਿਲਾਂ ਰੱਦ ਕਰ ਦਿੱਤੀ ਗਈ ਸੀ।
ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਜੌਨ ਜਾਨੀ ਨੇ ਕਿਹਾ ਕਿ ਉਸ ਦੀ ਜ਼ਮਾਨਤ ਦੇ ਖਿਲਾਫ ਕਾਫੀ ਆਧਾਰ ਹਨ। ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਜਾਂਚ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜੱਜ ਨੇ ਕਿਹਾ ਕਿ ਨੀਰਵ ਖਿਲਾਫ ਧੋਖਾਧੜੀ ਦਾ ਵੱਡਾ ਇਲਜ਼ਾਮ ਹੈ। ਇਹ ਕੋਈ ਮਾਮੂਲੀ ਮਾਮਲਾ ਨਹੀਂ ਹੈ, ਜਿਸ ਵਿੱਚ ਜ਼ਮਾਨਤ ਦਿੱਤੀ ਜਾ ਸਕਦੀ ਹੈ। ਅਦਾਲਤ ‘ਚ ਸੁਣਵਾਈ ਦੌਰਾਨ ਨੀਰਵ ਖੁਦ ਪੇਸ਼ ਨਹੀਂ ਹੋਇਆ। ਹਾਲਾਂਕਿ ਗੈਲਰੀ ‘ਚ ਉਨ੍ਹਾਂ ਦਾ ਬੇਟਾ ਅਤੇ ਦੋ ਬੇਟੀਆਂ ਮੌਜੂਦ ਸਨ।
ਨੀਰਵ ਮੋਦੀ ‘ਤੇ ਪੀਐਨਬੀ ਤੋਂ ਕਰਜ਼ਾ ਲੈ ਕੇ ਕਰੀਬ 14 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਉਹ ਜਨਵਰੀ 2018 ‘ਚ ਦੇਸ਼ ਛੱਡ ਕੇ ਭੱਜ ਗਿਆ ਸੀ। ਨੀਰਵ ਨੂੰ 19 ਮਾਰਚ 2019 ਨੂੰ ਦੱਖਣੀ-ਪੱਛਮੀ ਲੰਡਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।