ਨਵੀਂ ਦਿੱਲੀ, 14 ਅਗਸਤ 2022 – ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਗੁਰਦੁਆਰਿਆਂ ‘ਤੇ ਅੱਤਵਾਦੀ ਹਮਲੇ ਵਧ ਗਏ ਹਨ। ਇਸੇ ਲਈ ਸਿੱਖ ਲੋਕ ਭਾਰਤ ਤੋਂ ਸ਼ਰਨ ਮੰਗ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੀ ਮਦਦ ਕਰ ਰਹੀ ਹੈ। ਦੱਸ ਦਈਏ ਕਿ ਰਾਜਧਾਨੀ ਕਾਬੁਲ ‘ਚ 27 ਜੂਨ ਨੂੰ ਗੁਰਦੁਆਰਾ ਕਰਤੇ ਪਰਵਾਨ ਦੇ ਮੁੱਖ ਗੇਟ ਨੇੜੇ ਬੰਬ ਧਮਾਕਾ ਹੋਇਆ ਸੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ ਸੀ।
ਵਧਦੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਾਬੁਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫਗਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਭਾਰਤ ਆਏ ਹਨ। ਇਸ ਦੌਰਾਨ ਅਫਗਾਨ ਸਿੱਖ ਆਗੂ ਗੁਰਨਾਮ ਸਿੰਘ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ, ‘ਮੈਂ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਦੇ 8 ਮੈਂਬਰਾਂ ਨਾਲ ਭਾਰਤ ਆਇਆ ਹਾਂ। ਧਮਾਕੇ ਵਿੱਚ ਸਾਡੇ ਗੁਰਦੁਆਰੇ ਤਬਾਹ ਹੋ ਗਏ। ਹੁਣ ਪੂਰੇ ਅਫ਼ਗਾਨਿਸਤਾਨ ਵਿੱਚ ਸਿਰਫ਼ 100 ਹਿੰਦੂ ਸਿੱਖ ਰਹਿ ਗਏ ਹਨ।
ਇਸ ਤੋਂ ਪਹਿਲਾਂ ਵੀ ਕਰਤੇ ਪਰਵਾਨ ‘ਤੇ ਹਮਲਾ ਹੋ ਚੁੱਕਾ ਹੈ। ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਇਸ ਵਿੱਚ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਸਮੇਤ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਤਾਲਿਬਾਨ ਨੇ ਇਸ ਸਬੰਧੀ 24 ਜੁਲਾਈ ਨੂੰ ਹਿੰਦੂ ਅਤੇ ਸਿੱਖ ਕੌਂਸਲਾਂ ਨਾਲ ਮੀਟਿੰਗ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਤਾਲਿਬਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਦੇਸ਼ ‘ਚ ਹਾਲਾਤ ਹੁਣ ਬਿਹਤਰ ਹਨ।
ਪਿਛਲੇ ਸਾਲ, 15 ਅਗਸਤ, 2021 ਨੂੰ, ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ। ਜਿਸ ਤੋਂ ਬਾਅਦ ਦੇਸ਼ ਤੋਂ ਹਿਜਰਤ ਸ਼ੁਰੂ ਹੋ ਗਈ। ਸਿੱਖ, ਹਿੰਦੂ ਵੀ ਭਾਰਤ ਪਰਤਣ ਲੱਗੇ। ਕਈ ਥਾਵਾਂ ‘ਤੇ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਗਿਆ। ਵਿਰੋਧ ਕਰਨ ਵਾਲਿਆਂ ਨੂੰ ਮਾਰ ਦਿੱਤਾ ਗਿਆ। ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ‘ਤੇ ਅੱਤਵਾਦੀ ਹਮਲੇ ਵਧੇ ਹਨ। ਉਦੋਂ ਤੋਂ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਦੋਂ ਤੋਂ ਅਫਗਾਨਿਸਤਾਨ ਵਿਚ ਰਹਿ ਰਹੇ ਬਹੁਤ ਸਾਰੇ ਲੋਕ ਦੂਜੇ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।