ਨਵੀਂ ਦਿੱਲੀ, 30 ਮਾਰਚ 2024 – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਟੋਬਾ ਟੇਕ ਸਿੰਘ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਮੂੰਹ ਸਿਰਹਾਣੇ ਨਾਲ ਦੱਬ ਕੇ ਕਤਲ ਕਰ ਦਿੱਤਾ। ਲੜਕੀ ਦਾ ਪੂਰਾ ਪਰਿਵਾਰ ਉਸ ਨੂੰ ਦੇਖਦਾ ਰਿਹਾ ਜਦਕਿ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਦੇ ਮੀਡੀਆ ਹਾਊਸ ਜੀਓ ਨਿਊਜ਼ ਮੁਤਾਬਕ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਔਰਤ ਦਾ ਨਾਂ ਮਾਰੀਆ ਹੈ। ਜਦੋਂ ਇੱਕ ਭਰਾ ਉਸਨੂੰ ਮਾਰ ਰਿਹਾ ਸੀ ਤਾਂ ਦੂਜੇ ਭਰਾ ਨੇ ਉਸਦੀ ਵੀਡੀਓ ਬਣਾ ਲਈ।
ਵੀਡੀਓ ਵਿੱਚ ਮਾਰੀਆ ਦੇ ਪਿਤਾ ਵੀ ਉੱਥੇ ਬੈਠੇ ਨਜ਼ਰ ਆ ਰਹੇ ਹਨ। ਹਾਲਾਂਕਿ, ਉਸਨੇ ਇੱਕ ਵਾਰ ਵੀ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਿਲ੍ਹਾ ਪੁਲਿਸ ਅਧਿਕਾਰੀ ਇਬਾਦਤ ਨਿਸਾਰ ਅਨੁਸਾਰ ਮਾਰੀਆ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਗਰਭਵਤੀ ਹੋ ਗਈ ਸੀ। ਉਸ ਦੇ ਕਿਸੇ ਰਿਸ਼ਤੇਦਾਰ ਨਾਲ ਹੀ ਸਬੰਧ ਸਨ। ਇਸ ਤੋਂ ਬਾਅਦ ਹੀ ਮਾਰੀਆ ਦੇ ਭਰਾਵਾਂ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ।
ਇਹ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮਾਰੀਆ ਗਰਭਵਤੀ ਸੀ ਜਾਂ ਨਹੀਂ ਅਤੇ ਉਸ ਦੀ ਮੌਤ ਕਿਸ ਕਾਰਨ ਹੋਈ। ਪੁਲਸ ਨੇ ਮਾਰੀਆ ਦੀ ਭਰਜਾਈ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਮਾਰੀਆ ਦੇ ਦੋਵੇਂ ਭਰਾਵਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਲਈ ਉਸ ਨੇ ਮਾਰੀਆ ਦੀ ਮੌਤ ਬਾਰੇ ਪੁਲੀਸ ਨੂੰ ਕੁਝ ਨਹੀਂ ਦੱਸਿਆ।
ਫਿਲਹਾਲ ਪੁਲਸ ਨੇ ਦੋਵੇਂ ਭਰਾਵਾਂ ਅਤੇ ਮਾਰੀਆ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਰੀਆ ਦਾ ਕਤਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰ ਦੇ ਪਿੱਛੇ ਦਫ਼ਨਾ ਦਿੱਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਰੀਆ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।