- 11 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ
ਨਵੀਂ ਦਿੱਲੀ, 16 ਅਗਸਤ 2024 – ਇਜ਼ਰਾਇਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ‘ਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਵੀਰਵਾਰ 15 ਅਗਸਤ ਨੂੰ ਇਹ ਜਾਣਕਾਰੀ ਦਿੱਤੀ। ਗਾਜ਼ਾ ‘ਤੇ ਇਜ਼ਰਾਇਲੀ ਹਮਲਿਆਂ ‘ਚ ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ।
ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਵਿੱਚ ਹਮਾਸ ਦੇ ਅੱਤਵਾਦੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਕਈ ਲਾਸ਼ਾਂ ਅਜੇ ਵੀ ਮਲਬੇ ਹੇਠਾਂ ਦੱਬੀਆਂ ਹੋਈਆਂ ਹਨ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਲਗਭਗ 11 ਮਹੀਨੇ ਬੀਤ ਚੁੱਕੇ ਹਨ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਕਰੀਬ 1200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਅੱਤਵਾਦੀਆਂ ਨੇ ਗਾਜ਼ਾ ‘ਚ ਕਰੀਬ 250 ਲੋਕਾਂ ਨੂੰ ਬੰਧਕ ਬਣਾ ਲਿਆ ਸੀ।
ਇਜ਼ਰਾਈਲ ਮੁਤਾਬਕ 111 ਲੋਕ ਅਜੇ ਵੀ ਹਮਾਸ ਦੇ ਬੰਦੀ ਹਨ। ਇਨ੍ਹਾਂ ਵਿੱਚ 39 ਲਾਸ਼ਾਂ ਵੀ ਸ਼ਾਮਲ ਹਨ। ਬੰਧਕਾਂ ਵਿੱਚ 15 ਔਰਤਾਂ ਅਤੇ 5 ਸਾਲ ਤੋਂ ਘੱਟ ਉਮਰ ਦੇ 2 ਬੱਚੇ ਸ਼ਾਮਲ ਹਨ। 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ। ਇਸ ਜੰਗ ਵਿੱਚ ਹੁਣ ਤੱਕ 329 ਇਜ਼ਰਾਈਲੀ ਸੈਨਿਕਾਂ ਦੀ ਵੀ ਮੌਤ ਹੋ ਚੁੱਕੀ ਹੈ।
ਇਜ਼ਰਾਇਲੀ ਫੌਜ ਮੁਤਾਬਕ ਉਹ ਹੁਣ ਤੱਕ 15 ਹਜ਼ਾਰ ਤੋਂ ਜ਼ਿਆਦਾ ਹਮਾਸ ਦੇ ਅੱਤਵਾਦੀਆਂ ਨੂੰ ਮਾਰ ਚੁੱਕੇ ਹਨ। ਜੰਗ ਕਾਰਨ ਗਾਜ਼ਾ ‘ਚ ਕਰੀਬ 18 ਲੱਖ ਲੋਕ ਆਪਣੇ ਘਰ ਛੱਡ ਚੁੱਕੇ ਹਨ। ਇਜ਼ਰਾਈਲ ਅਤੇ ਦੱਖਣੀ ਲੇਬਨਾਨ ਵਿੱਚ ਵੀ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਜੰਗ ਨੇ ਗਾਜ਼ਾ ਵਿੱਚ ਮਨੁੱਖੀ ਸੰਕਟ ਪੈਦਾ ਕਰ ਦਿੱਤਾ ਹੈ। ਇਜ਼ਰਾਈਲ ਦੇ ਹਮਲਿਆਂ ਦੀ ਮਾਰ ਝੱਲ ਰਹੇ ਗਾਜ਼ਾ ਦੇ ਨਾਗਰਿਕਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਇਕ ਰਿਪੋਰਟ ਮੁਤਾਬਕ ਆਉਣ ਵਾਲੇ ਮਹੀਨਿਆਂ ‘ਚ ਗਾਜ਼ਾ ਦੇ ਕਰੀਬ 5 ਲੱਖ ਲੋਕਾਂ ਨੂੰ ਭੋਜਨ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਹ ਅੰਕੜਾ ਗਾਜ਼ਾ ਦੀ ਕੁੱਲ ਆਬਾਦੀ ਦਾ ਲਗਭਗ ਇੱਕ ਚੌਥਾਈ ਹੈ। ਰਿਪੋਰਟਾਂ ਦੇ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ ਗਾਜ਼ਾ ਦੀਆਂ 59% ਇਮਾਰਤਾਂ ਤਬਾਹ ਹੋ ਗਈਆਂ ਹਨ। ਉੱਤਰੀ ਗਾਜ਼ਾ ਵਿੱਚ ਇਹ ਅੰਕੜਾ 70% ਤੋਂ ਵੱਧ ਹੈ।