ਨਵੀਂ ਦਿੱਲੀ, 27 ਜੂਨ 2024 – ਅਮਰੀਕਾ ਨੇ ਬੁੱਧਵਾਰ ਨੂੰ ਗੁਰਪਤਵੰਤ ਸਿੰਘ ਪੰਨੂ ਖਿਲਾਫ ਕਥਿਤ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤ ਤੋਂ ਜਵਾਬਦੇਹੀ ਮੰਗੀ ਹੈ। ਅਮਰੀਕੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਇਹ ਮੁੱਦਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਗਿਆ ਹੈ। ਨਾਲ ਹੀ ਜਾਂਚ ਕਮੇਟੀ ਦੀ ਰਿਪੋਰਟ ਵੀ ਮੰਗੀ ਗਈ ਹੈ। ਵਾਸ਼ਿੰਗਟਨ ਇਸ ਮਾਮਲੇ ਵਿੱਚ ਜਵਾਬਦੇਹੀ ਚਾਹੁੰਦਾ ਹੈ।
ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਪੁਲਿਸ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਜੂਨ 2023 ਨੂੰ ਗ੍ਰਿਫ਼ਤਾਰ ਕੀਤਾ ਸੀ। ਨਿਖਿਲ ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ।
ਪਿਛਲੇ ਸਾਲ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ ‘ਚ ਪੰਨੂ ‘ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਅਮਰੀਕੀ ਏਜੰਸੀਆਂ ਮੁਤਾਬਕ ਇਹ ਪਲਾਨਿੰਗ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ। ਹਾਲਾਂਕਿ ਇਹ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ। ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ 29 ਨਵੰਬਰ 2023 ਨੂੰ ਸਾਹਮਣੇ ਆਈ ਸੀ।
ਚਾਰਜਸ਼ੀਟ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿੱਚ ਲਿਖਿਆ ਹੈ- ਭਾਰਤ ਦੇ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਨੇ ਉਸਨੂੰ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਲਈ ਕਿਹਾ ਸੀ। ਨਿਖਿਲ ਨੇ ਕੰਮ ਦੇ ਬਦਲੇ 83 ਲੱਖ ਰੁਪਏ ਦੇਣ ਲਈ ਇੱਕ ਵਿਅਕਤੀ ਨਾਲ ਸੌਦਾ ਕੀਤਾ ਸੀ।
ਇਸ ਤੋਂ ਬਾਅਦ ਇਸ ਸਾਲ ਅਪ੍ਰੈਲ ਵਿੱਚ ਅਮਰੀਕੀ ਮੀਡੀਆ ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਪਿੱਛੇ ਰਾਅ ਦਾ ਹੱਥ ਸੀ। ਰਿਪੋਰਟ ਮੁਤਾਬਕ ਪੰਨੂ ਦੇ ਕਤਲ ਦੀ ਸਾਰੀ ਪਲੈਨਿੰਗ ਰਾਅ ਦੇ ਸੀਨੀਅਰ ਅਧਿਕਾਰੀ ਵਿਕਰਮ ਯਾਦਵ ਨੇ ਬਣਾਈ ਸੀ। ਉਸਨੇ ਇੱਕ ਹਿੱਟ ਟੀਮ ਨੂੰ ਹਾਇਰ ਕੀਤਾ ਸੀ।
ਯਾਦਵ ਨੇ ਪੰਨੂ ਬਾਰੇ ਜਾਣਕਾਰੀ ਭਾਰਤੀ ਏਜੰਟ ਨਿਖਿਲ ਗੁਪਤਾ ਨੂੰ ਭੇਜੀ, ਜਿਸ ਤੋਂ ਪਤਾ ਲੱਗਾ ਕਿ ਉਹ ਨਿਊਯਾਰਕ ‘ਚ ਹੈ। ਇਸ ਤੋਂ ਬਾਅਦ ਨਿਖਿਲ ਗੁਪਤਾ ਨੇ ਪੰਨੂ ਨੂੰ ਮਾਰਨ ਲਈ ਇੱਕ ਏਜੰਟ ਨਾਲ ਸੰਪਰਕ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਕਿ ਯੋਜਨਾ ਸਫਲ ਹੁੰਦੀ, ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ।