ਚੰਡੀਗੜ੍ਹ, 23 ਜੁਲਾਈ, 2025: ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤ ਕੇ ਆਪਣੇ ਦੇਸ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ਹੋਇਆ, ਜਿੱਥੇ ਪਰਨੀਤ ਨੇ ਵਿਸ਼ਵਾਸ, ਜਜ਼ਬੇ ਅਤੇ ਜੋਸ਼ ਨਾਲ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ।
23 ਮਈ 2006 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ‘ਚ ਸੁਖਬੀਰ ਸਿੰਘ ਖਹਿਰਾ ਤੇ ਅਮਨਪ੍ਰੀਤ ਕੌਰ ਖਹਿਰਾ ਦੇ ਘਰ ਜਨਮੀ ਪਰਨੀਤ ਕੌਰ ਨੇ ਸਾਲ 2023 ‘ਚ ਮਿਸ ਟੀਨ ਅਸਟ੍ਰੇਲਿਆ ਮੁਕਾਬਲੇ ‘ਚ ਰਨਰ-ਅੱਪ ‘ਚ ਆਪਣੀ ਜਗ੍ਹਾ ਬਣਾਈ ਸੀ। ਉਹ ਤਿੰਨ ਸਾਲ ਦੀ ਉਮਰ ‘ਚ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਈ ਸੀ ਤੇ ਸਿਰਫ 13 ਸਾਲ ਦੀ ਉਮਰ ‘ਚ ਮਾਡਲਿੰਗ ਦੀ ਦੁਨੀਆ ‘ਚ ਦਾਖਲ ਹੋਈ ਅਤੇ ਕਈ ਮੁਕਾਬਲਿਆਂ ‘ਚ ਭਾਗ ਲੈ ਕੇ ਅਨੇਕਾਂ ਇਨਾਮ ਤੇ ਟ੍ਰਾਫੀਆਂ ਜਿੱਤੀਆਂ ਹਨ।
ਖਿਤਾਬ ਜਿੱਤਣ ਤੋਂ ਬਾਅਦ ਪਰਨੀਤ ਕੌਰ ਨੇ ਕਿਹਾ ਕਿ ਮੈਂ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦੀ ਕਿ ਮੈਂ ਇਸ ਸਮੇਂ ਕਿੰਨਾ ਸਨਮਾਨਿਤ, ਭਾਵੁਕ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੀ ਹਾਂ। ਇਹ ਯਾਤਰਾ ਨਾ ਸਿਰਫ਼ ਤਾਜ ਲਈ, ਸਗੋਂ ਇਸਦੇ ਪਿੱਛੇ ਦੇ ਉਦੇਸ਼ ਲਈ ਵੀ ਜ਼ਿੰਦਗੀ ਬਦਲਣ ਵਾਲੀ ਰਹੀ ਹੈ।

ਸਾਡੇ ਸ਼ਾਨਦਾਰ ਡਾਇਰੈਕਟਰ ਦਾ ਮੇਰੇ ‘ਤੇ ਵਿਸ਼ਵਾਸ ਕਰਨ ਅਤੇ ਮੈਨੂੰ ਅੱਗੇ ਵਧਣ, ਅਗਵਾਈ ਕਰਨ ਅਤੇ ਚਮਕਣ ਲਈ ਇਹ ਪਲੇਟਫਾਰਮ ਦੇਣ ਲਈ ਬਹੁਤ ਧੰਨਵਾਦ। ਤੁਹਾਡੇ ਸਮਰਥਨ, ਮਾਰਗਦਰਸ਼ਨ ਅਤੇ ਪਿਆਰ ਨੇ ਦੁਨੀਆਂ ਨੂੰ ਅਰਥ ਦਿੱਤਾ ਹੈ। ਤੁਸੀਂ ਇੱਕ ਅਜਿਹੀ ਜਗ੍ਹਾ ਬਣਾਈ ਹੈ ਜਿੱਥੇ ਔਰਤਾਂ ਉੱਠ ਸਕਦੀਆਂ ਹਨ, ਸਸ਼ਕਤ ਮਹਿਸੂਸ ਕਰ ਸਕਦੀਆਂ ਹਨ, ਅਤੇ ਸੱਚਮੁੱਚ ਸੁਣੀਆਂ ਜਾ ਸਕਦੀਆਂ ਹਨ।
