ਨਵੀਂ ਦਿੱਲੀ, 5 ਦਸੰਬਰ 2024 – ਤਾਲਿਬਾਨ ਨੇ ਅਫਗਾਨਿਸਤਾਨ ਵਿਚ ਔਰਤਾਂ ਲਈ ਨਰਸਿੰਗ ਸਿਖਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਮਾਚਾਰ ਏਜੰਸੀ ਏਐਫਪੀ ਦੇ ਮੁਤਾਬਕ ਕਾਬੁਲ ਵਿੱਚ ਹਾਲ ਹੀ ਵਿੱਚ ਸਿਹਤ ਅਧਿਕਾਰੀਆਂ ਦੀ ਇੱਕ ਬੈਠਕ ਹੋਈ ਜਿਸ ਵਿੱਚ ਤਾਲਿਬਾਨ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ ਗਿਆ।
ਅਫਗਾਨਿਸਤਾਨ ਵਿੱਚ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਮੀਟਿੰਗ ਦੌਰਾਨ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਔਰਤਾਂ ਅਤੇ ਲੜਕੀਆਂ ਹੁਣ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾਈ ਨਹੀਂ ਕਰ ਸਕਦੀਆਂ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਕ੍ਰਿਕਟਰ ਰਾਸ਼ਿਦ ਖਾਨ ਨੇ ਤਾਲਿਬਾਨ ਦੇ ਫੈਸਲੇ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਤਾਲਿਬਾਨ ਦੇ ਇਸ ਫੈਸਲੇ ਦਾ ਅਫਗਾਨਿਸਤਾਨ ‘ਤੇ ਡੂੰਘਾ ਅਸਰ ਪਵੇਗਾ, ਕਿਉਂਕਿ ਦੇਸ਼ ਪਹਿਲਾਂ ਹੀ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਿਦ ਨੇ ਅੱਗੇ ਲਿਖਿਆ – ਇਸਲਾਮ ਵਿੱਚ ਸਿੱਖਿਆ ਦਾ ਇੱਕ ਮਹੱਤਵਪੂਰਨ ਸਥਾਨ ਹੈ, ਜੋ ਮਰਦਾਂ ਅਤੇ ਔਰਤਾਂ ਦੋਵਾਂ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਮੈਂ ਅਫਗਾਨਿਸਤਾਨ ਵਿੱਚ ਔਰਤਾਂ ਲਈ ਵਿੱਦਿਅਕ ਅਤੇ ਮੈਡੀਕਲ ਸੰਸਥਾਵਾਂ ਦੇ ਬੰਦ ਹੋਣ ਤੋਂ ਬਹੁਤ ਦੁਖੀ ਹਾਂ।
ਅਫਗਾਨਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਨਬੀ ਨੇ ਕਿਹਾ ਕਿ ਲੜਕੀਆਂ ਨੂੰ ਮੈਡੀਕਲ ਦੀ ਪੜ੍ਹਾਈ ‘ਤੇ ਰੋਕ ਲਗਾਉਣ ਦਾ ਫੈਸਲਾ ਸਹੀ ਨਹੀਂ ਹੈ। ਇਸਲਾਮ ਨੇ ਹਮੇਸ਼ਾ ਸਾਰਿਆਂ ਲਈ ਸਿੱਖਿਆ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ।