- 5 ਅੱਤਵਾਦੀਆਂ ਨੇ ਕੀਤੀ ਗੋਲੀਬਾਰੀ ਅਤੇ ਸੁੱਟੇ ਬੰਬ
- ਅੱਤਵਾਦੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ
ਨਵੀਂ ਦਿੱਲੀ, 23 ਮਾਰਚ 2024 – ਰੂਸ ਦੀ ਰਾਜਧਾਨੀ ਮਾਸਕੋ ‘ਚ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ ਕਰੀਬ 60 ਮੌਤਾਂ ਹੋ ਗਈਆਂ ਹਨ ਜਦਕਿ 145 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਅੰਕੜਾ ਵਧਣ ਦੀ ਉਮੀਦ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਸੀਰੀਆ ਐਂਡ ਇਰਾਕ (ISIS) ਨੇ ਲਈ ਹੈ। ISIS ਨੇ ਸ਼ੁੱਕਰਵਾਰ ਨੂੰ ਮਾਸਕੋ ਦੇ ਕ੍ਰੋਕਸ ਕੰਸਰਟ ਹਾਲ ‘ਚ ਆਮ ਲੋਕਾਂ ‘ਤੇ ਹਮਲਾ ਕੀਤਾ।
ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਕ੍ਰੋਕਸ ਸਿਟੀ ਹਾਲ ਵਿੱਚ ਸੋਵੀਅਤ ਦੌਰ ਦੇ ਮਸ਼ਹੂਰ ਸੰਗੀਤ ਬੈਂਡ ‘ਪਿਕਨਿਕ’ ਦਾ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਸੰਗੀਤ ਸਮਾਰੋਹ ਵਿੱਚ 6200 ਲੋਕ ਮੌਜੂਦ ਸਨ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੇ ਹਾਂ। ਅੱਤਵਾਦੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਆਈ ਵੀਡੀਓ ਦੇ ਆਧਾਰ ‘ਤੇ ਕਿਹਾ ਜਾ ਰਿਹਾ ਹੈ ਕਿ ਹਮਲਾ 6 ਬੰਦੂਕਧਾਰੀਆਂ ਨੇ ਕੀਤਾ ਹੈ। ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਇਹ ਹਮਲਾ ਸ਼ੁੱਕਰਵਾਰ ਸ਼ਾਮ (22 ਮਾਰਚ) ਨੂੰ ਹੋਇਆ। ਇਸਲਾਮਿਕ ਸਟੇਟ (ਆਈਐਸ) ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਫੌਜ ਦੀ ਵਰਦੀ ਪਹਿਨੇ ਪੰਜ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਬੰਬ ਸੁੱਟੇ।
ISIS ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘ਸਾਡੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਬਾਹਰਵਾਰ ਸਥਿਤ ਕ੍ਰੋਕਸ ਕੰਸਰਟ ਹਾਲ ‘ਤੇ ਹਮਲਾ ਕੀਤਾ।’ ਆਈਐਸ ਦੇ ਬਿਆਨ ਵਿੱਚ ਇਹ ਵੀ ਕਿਹਾ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ‘ਸੁਰੱਖਿਅਤ ਤੌਰ’ ਤੇ ਆਪਣੇ ਠਿਕਾਣਿਆਂ ‘ਤੇ ਵਾਪਸ ਆ ਗਏ ਹਨ।