ਨਵੀਂ ਦਿੱਲੀ, 16 ਦਸੰਬਰ 2022- ਐਬਸਫੋਰਡ ਵਿਚ ਮਈ ਮਹੀਨੇ ਵਿਚ ਹੋਏ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਸੰਬੰਧ ਵਿਚ ਪੁਲਿਸ ਵੱਲੋਂ ਤਿੰਨ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਉਪਰ ਫਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ।
ਐਬਸਫੋਰਡ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਕਤਲ ਕੀਤੇ ਜੋੜੇ ਦੀ ਪਛਾਣ ਐਬਟਸਫੋਰਡ ਦੀ ਰਹਿਣ ਵਾਲੇ 77 ਸਾਲਾ ਅਰਨੋਲਡ ਡੀ ਜੋਂਗ ਅਤੇ ਉਸ ਦੀ ਪਤਨੀ 76 ਸਾਲਾ ਜੋਏਨ ਡੀ ਜੋਂਗ ਵਜੋਂ ਹੋਈ ਸੀ। ਦੋਵਾਂ ਦੀਆਂ ਲਾਸ਼ਾਂ 9 ਮਈ 2022 ਨੂੰ ਐਬਸਫੋਰਡ ਦੇ ਆਰਕੇਡੀਅਨ ਵੇਅ ਦੇ 33600-ਬਲਾਕ ਵਿਚ ਉਨ੍ਹਾਂ ਦੀ ਰਿਹਾਇਸ਼ ‘ਚੋਂ ਮਿਲੀਆਂ ਸਨ। ਉਹ ਇਕ ਲੋਕਲ ਟਰੱਕਿੰਗ ਕੰਪਨੀ ਦੇ ਮਾਲਕ ਸਨ।
16 ਦਸੰਬਰ ਨੂੰ ਆਈਹਿਟ ਦੇ ਜਾਂਚ ਅਧਿਕਾਰੀਆਂ ਨੇ ਐਬਟਸਫੋਰਡ ਪੁਲਿਸ ਦੀ ਟੀਮ ਨਾਲ ਮਿਲ ਕੇ ਇਸ ਦੋਹਰੇ ਕਤਲ ਲਈ ਤਿੰਨ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੇ ਪੰਜਾਬੀ ਨੌਜਵਾਨ ਹਨ ਅਤੇ ਤਿੰਨੇ ਹੀ ਸਰੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿਚ 20 ਸਾਲਾ ਗੁਰਕਰਨ ਸਿੰਘ, 22 ਸਾਲਾ ਅਭਿਜੀਤ ਸਿੰਘ ਅਤੇ 22 ਸਾਲ ਦਾ ਖੁਸ਼ਵੀਰ ਤੂਰ ਸ਼ਾਮਲ ਹਨ। ਇਨ੍ਹਾਂ ਤਿੰਨਾਂ ਖਿਲਾਫ ਪਹਿਲੇ ਦਰਜੇ ਦੇ ਕਤਲ ਦੇ ਦੋ ਦੋਸ਼ ਲਾਏ ਲਾਏ ਗਏ ਹਨ।