ਨਵੀਂ ਦਿੱਲੀ, 14 ਮਈ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲਿਆ ਹੈ। ਮੰਗਲਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਟਰੰਪ ਨੇ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਲਈ ਵਿਚੋਲਗੀ ਲਈ ਵੱਡੇ ਪੱਧਰ ‘ਤੇ ਕਾਰੋਬਾਰ ਦੀ ਵਰਤੋਂ ਕੀਤੀ।
ਟਰੰਪ ਨੇ ਸਾਊਦੀ-ਅਮਰੀਕਾ ਨਿਵੇਸ਼ ਫੋਰਮ ਵਿੱਚ ਕਿਹਾ, ‘ਮੈਂ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ, ਆਓ ਦੋਸਤੋ, ਇੱਕ ਸੌਦਾ ਕਰੀਏ।’ ਕੁਝ ਕੰਮ ਕਰੋ। ਪ੍ਰਮਾਣੂ ਮਿਜ਼ਾਈਲਾਂ ਦਾ ਵਪਾਰ ਨਾ ਕਰੋ। ਸਗੋਂ ਉਨ੍ਹਾਂ ਚੀਜ਼ਾਂ ਦਾ ਕਾਰੋਬਾਰ ਕਰੋ ਜੋ ਤੁਸੀਂ ਇੰਨੀ ਸੁੰਦਰਤਾ ਨਾਲ ਬਣਾਉਂਦੇ ਹੋ।
ਸੋਮਵਾਰ ਨੂੰ ਵੀ ਅਮਰੀਕੀ ਰਾਸ਼ਟਰਪਤੀ ਨੇ ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਿਹਰਾ ਆਪਣੇ ਆਪ ਨੂੰ ਦਿੱਤਾ। ਉਨ੍ਹਾਂ ਕਿਹਾ ਸੀ ਕਿ ਮੈਂ ਦੋਵਾਂ ਦੇਸ਼ਾਂ ਨੂੰ ਸਮਝਾਇਆ ਹੈ ਕਿ ਜੇਕਰ ਲੜਾਈ ਨਹੀਂ ਰੁਕੀ ਤਾਂ ਅਸੀਂ ਵਪਾਰ ਨਹੀਂ ਕਰਾਂਗੇ।

ਟਰੰਪ ਨੇ ਰਿਆਧ ਵਿੱਚ ਕਿਹਾ; ‘ਮੇਰਾ ਸਭ ਤੋਂ ਵੱਡਾ ਸੁਪਨਾ ਸ਼ਾਂਤੀ ਸਥਾਪਤ ਕਰਨਾ ਹੈ। ਮੈਂ ਏਕਤਾ ਚਾਹੁੰਦਾ ਹਾਂ, ਵੰਡ ਨਹੀਂ। ਮੈਨੂੰ ਜੰਗ ਪਸੰਦ ਨਹੀਂ।’
ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੀ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ ‘ਤੇ ਮੰਗਲਵਾਰ ਨੂੰ ਸਾਊਦੀ ਅਰਬ ਪਹੁੰਚੇ। ਟਰੰਪ ਮੱਧ ਪੂਰਬ ਦੇ ਚਾਰ ਦਿਨਾਂ ਦੌਰੇ ‘ਤੇ ਹਨ। ਅੱਜ ਉਹ ਰਿਆਧ ਵਿੱਚ ਖਾੜੀ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਫਿਰ ਕਤਰ ਲਈ ਰਵਾਨਾ ਹੋਣਗੇ। ਦੌਰੇ ਦੇ ਆਖਰੀ ਦਿਨ ਯੂਏਈ ਪਹੁੰਚਣਗੇ।
