ਨਵੀਂ ਦਿੱਲੀ, 3 ਅਗਸਤ 2024 – ਤੁਰਕੀ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ ਹੈ। 2 ਅਗਸਤ ਨੂੰ ਜਾਰੀ ਇੱਕ ਆਦੇਸ਼ ਵਿੱਚ, ਤੁਰਕੀ ਸਰਕਾਰ ਨੇ ਇੰਸਟਾਗ੍ਰਾਮ ਦੇ ਡੋਮੇਨ ਨੂੰ ਬਲੌਕ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ ਪਾਬੰਦੀ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਤੁਰਕੀ ਦੀ ਨੈਸ਼ਨਲ ਕਮਿਊਨੀਕੇਸ਼ਨ ਅਥਾਰਟੀ ਨੇ ਆਪਣੀ ਵੈੱਬਸਾਈਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਆਰਡਰ ਦੇ ਬਾਅਦ, ਤੁਰਕੀ ਵਿੱਚ ਬਹੁਤ ਸਾਰੇ ਲੋਕਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਇੰਸਟਾਗ੍ਰਾਮ ਫੀਡ ਲੋਡ ਨਹੀਂ ਹੋ ਰਹੀ ਹੈ।
ਤੁਰਕੀ ਦੇ ਰਾਸ਼ਟਰਪਤੀ ਦਫਤਰ ਦੇ ਸੰਚਾਰ ਨਿਰਦੇਸ਼ਕ ਫਹਰਤਿਨ ਅਲਤਾਨ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ‘ਤੇ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਦੀ ਮੌਤ ‘ਤੇ ਲੋਕਾਂ ਨੂੰ ਸ਼ੋਕ ਸੰਦੇਸ਼ ਪੋਸਟ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਮੰਗਲਵਾਰ ਨੂੰ ਇਸਮਾਈਲ ਹਾਨੀਆ ਦੀ ਮੌਤ ਹੋ ਗਈ। ਉਹ ਇਜ਼ਰਾਈਲ ਦੇ ਹਮਲੇ ਵਿੱਚ ਮਾਰਿਆ ਗਿਆ ਸੀ। ਹਾਨੀਆ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਵੀ ਕਰੀਬੀ ਸਨ।
ਤੁਰਕੀ ਮੀਡੀਆ ਰਿਪੋਰਟਾਂ ਮੁਤਾਬਕ ਇੰਸਟਾਗ੍ਰਾਮ ‘ਤੇ ਲਗਾਈ ਗਈ ਪਾਬੰਦੀ ਕਾਰਨ 5 ਕਰੋੜ ਯੂਜ਼ਰਸ ਪ੍ਰਭਾਵਿਤ ਹੋਏ ਹਨ। ਤੁਰਕੀ ਦੀ ਕੁੱਲ ਆਬਾਦੀ ਲਗਭਗ 8.5 ਕਰੋੜ ਹੈ। ਅਜਿਹੇ ‘ਚ ਤੁਰਕੀ ਦੀ ਆਬਾਦੀ ਦਾ ਵੱਡਾ ਹਿੱਸਾ ਇੰਸਟਾਗ੍ਰਾਮ ਦੀ ਵਰਤੋਂ ਕਰਦਾ ਹੈ।
ਪਾਬੰਦੀ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਹਾਲਾਂਕਿ ਤੁਰਕੀ ‘ਚ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸੋਸ਼ਲ ਮੀਡੀਆ ਐਪ ਜਾਂ ਵੈੱਬਸਾਈਟ ‘ਤੇ ਪਾਬੰਦੀ ਲਗਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਤੁਰਕੀ ਵਿਕੀਪੀਡੀਆ ‘ਤੇ ਪਾਬੰਦੀ ਲਗਾ ਚੁੱਕਾ ਹੈ। ਉਸ ਨੇ 2017 ਤੋਂ 2020 ਦਰਮਿਆਨ ਵਿਕੀਪੀਡੀਆ ‘ਤੇ ਕੱਟੜਵਾਦ ਅਤੇ ਰਾਸ਼ਟਰਪਤੀ ਨਾਲ ਸਬੰਧਤ ਲੇਖਾਂ ਕਾਰਨ ਪਾਬੰਦੀ ਲਗਾ ਦਿੱਤੀ ਸੀ।