ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਦੋ ਸਿੱਖ ਬਜ਼ੁਰਗਾਂ ‘ਤੇ ਨਸਲੀ ਹਮਲਾ

  • ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਵੀਡੀਓ ਵੀ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ
  • ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੰਗਲੈਂਡ ‘ਚ ਸਿੱਖ ਬਜ਼ੁਰਗਾਂ ‘ਤੇ ਨਸਲੀ ਹਮਲੇ ਦੀ ਸਖ਼ਤ ਨਿਖੇਧੀ

ਨਵੀਂ ਦਿੱਲੀ 19 ਅਗਸਤ, 2025 – ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਦੋ ਸਿੱਖ ਬਜ਼ੁਰਗਾਂ ‘ਤੇ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਦੋ ਬਜ਼ੁਰਗ ਸਿੱਖਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘਟਨਾ ਲੰਘੇ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ, ਜੋ ਕਿ ਵੁਲਵਰਹੈਂਪਟਨ ਰੇਲਵੇ ਸਟੇਸ਼ਨ ‘ਤੇ ਦੀ ਹੈ। ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਦੋ ਬਜ਼ੁਰਗ ਸਿੱਖਾਂ ‘ਤੇ ਕੁੱਝ ਅੰਗਰੇਜ਼ ਨੌਜਵਾਨਾਂ ਵੱਲੋਂ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕੀਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਵੀਡੀਓ ਵੀ ਆਪਣੇ ਫੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਇਸ ਹਮਲੇ ਦੀ ਨਿਖੇਧੀ ਕਰਦਿਆਂ ਯੂਕੇ ਸਰਕਾਰ ਅਤੇ ਭਾਰਤ ਸਰਕਾਰ ਤੋਂ ਫੌਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਦੋ ਸਿੱਖ ਬਜ਼ੁਰਗਾਂ ‘ਤੇ ਹੋਏ ਨਸਲੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਹਮਲੇ ਦੌਰਾਨ ਇੱਕ ਸਿੱਖ ਬਜ਼ੁਰਗ ਦੀ ਦਸਤਾਰ ਲਾਹੀ ਗਈ, ਜੋ ਸਿਰਫ਼ ਸਿੱਖ ਧਰਮ ਦਾ ਪ੍ਰਤੀਕ ਹੀ ਨਹੀਂ, ਸਗੋਂ ਸਿੱਖ ਧਰਮ ਦੀ ਮਰਿਆਦਾ ਨਾਲ ਸਿੱਧਾ ਜੁੜਿਆ ਹੈ। ਇਹ ਘਟਨਾ ਨਿਰਦੋਸ਼ ਬਜ਼ੁਰਗਾਂ ਦੀ ਬੇਅਦਬੀ ਹੀ ਨਹੀਂ, ਸਗੋਂ ਪੂਰੇ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦੀ ਹੈ।

ਕਾਲਕਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਭਾਈਚਾਰਾ ਵੱਖ-ਵੱਖ ਖੇਤਰਾਂ ਵਿੱਚ ਆਪਣੀ ਇਮਾਨਦਾਰੀ, ਮੇਹਨਤ ਅਤੇ ਯੋਗਦਾਨ ਲਈ ਪ੍ਰਸਿੱਧ ਹਨ। ਪਰ ਫਿਰ ਵੀ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਦੇ ਬਾਵਜੂਦ ਜੇ ਸਿੱਖਾਂ ਨੂੰ ਨਸਲਵਾਦੀ ਸੋਚ ਦੇ ਅਧਾਰ ‘ਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾਵੇ, ਤਾਂ ਇਹ ਕਿਸੇ ਵੀ ਸੱਭਿਆਚਾਰਿਕ ਤੇ ਸੱਭਿਆਚਾਰਕ ਸਮਾਜ ਲਈ ਸ਼ਰਮਨਾਕ ਗੱਲ ਹੈ।

ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਹਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ।

ਦੱਸ ਦਈਏ ਕਿ ਹਮਲੇ ਪਿੱਛੋਂ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਮਲੇ ਦੇ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਦੇ ਅਨੁਸਾਰ, ਹਮਲਾ ਸ਼ੁੱਕਰਵਾਰ ਦੁਪਹਿਰ ਲਗਭਗ 1:45 ਵਜੇ ਹੋਇਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਉਮਰ 17, 19 ਅਤੇ 25 ਸਾਲ ਹੈ। ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

PM ਮੋਦੀ ਨੇ ਰਾਧਾਕ੍ਰਿਸ਼ਨਨ ਨੂੰ ਸਰਬਸੰਮਤੀ ਨਾਲ ਉਪ ਰਾਸ਼ਟਰਪਤੀ ਚੁਣਨ ਦੀ ਕੀਤੀ ਅਪੀਲ

ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ: ਸੂਰਿਆਕੁਮਾਰ ਕਪਤਾਨ, ਗਿੱਲ ਨੂੰ ਬਣਾਇਆ ਉਪ-ਕਪਤਾਨ