ਨਵੀਂ ਦਿੱਲੀ, 20 ਨਵੰਬਰ 2024 – ਯੂਕ੍ਰੇਨ ਨੇ ਰੂਸ ਵਿਰੁੱਧ ਜੰਗ ਦਾ ਇਕ ਨਵਾਂ ਦੌਰ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਦੇਰ ਰਾਤ ਰੂਸ ’ਤੇ ਪਹਿਲੀ ਵਾਰ ਲੰਬੀ ਦੂਰੀ ਦੀਆਂ ਅਮਰੀਕੀ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ। ਰੂਸ ਦੇ ਬ੍ਰਾਇੰਸਕ ਖੇਤਰ ’ਚ ਅਮਰੀਕਾ ਦੀਆਂ ਬਣੀਆਂ 6 ਏ. ਟੀ. ਏ. ਸੀ. ਐੱਮ. ਮਿਜ਼ਾਈਲਾਂ ਦਾਗੀਆਂ ਗਈਆਂ।
ਰੂਸ ਦੇ ਰੱਖਿਆ ਮੰਤਰਾਲਾ ਨੇ ਮੰਗਲਵਾਰ ਇਕ ਬਿਆਨ ’ਚ ਕਿਹਾ ਕਿ ਰੂਸੀ ਫੌਜ ਨੇ ਇਨ੍ਹਾਂ ‘ਚੋਂ 5 ਮਿਜ਼ਾਈਲਾਂ ਨੂੰ ਡੇਗ ਦਿੱਤਾ, ਜਦਕਿ ਇਕ ਹੋਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਮਿਜ਼ਾਈਲ ਦੇ ਟੁਕੜੇ ਇਕ ਫੌਜੀ ਅਦਾਰੇ ਦੇ ਕੰਪਲੈਕਸ ’ਚ ਡਿੱਗੇ। ਮਿਜ਼ਾਈਲ ਦਾ ਮਲਬਾ ਡਿੱਗਣ ਕਾਰਨ ਅੱਗ ਲੱਗ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਵਾਸ਼ਿੰਗਟਨ ਨੇ ਰੂਸ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਵੱਲੋਂ ਬਣਾਈਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਸਬੰਧੀ ਯੂਕ੍ਰੇਨ ’ਤੇ ਲਾਈ ਗਈ ਪਾਬੰਦੀ ਹਟਾ ਦਿੱਤੀ ਹੈ।