ਨਵੀਂ ਦਿੱਲੀ, 30 ਅਕਤੂਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਇੱਕ ਅਹਿਮ ਬੈਠਕ ਤੋਂ ਬਾਅਦ, ਅਮਰੀਕਾ ਨੇ ਬੀਜਿੰਗ ਨੂੰ ਵੱਡੀ ਰਾਹਤ ਦਿੰਦੇ ਹੋਏ ਟੈਰਿਫ ਵਿੱਚ 10 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਇਸ ਮੁਲਾਕਾਤ ‘ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਚੱਲ ਰਹੇ ਵਪਾਰ ਯੁੱਧ (Trade War) ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਸ ਸਾਲ ਦੀ ਸ਼ੁਰੂਆਤ ਵਿੱਚ ਚੀਨ ‘ਤੇ ਲਗਾਏ ਗਏ 20 ਫੀਸਦੀ ਦੇ ਟੈਰਿਫ (punitive tariffs) ‘ਚ ਕਟੌਤੀ ਕਰਕੇ ਇਸਨੂੰ 10 ਫੀਸਦੀ ਕਰ ਦੇਵੇਗਾ।
ਇਹ ਟੈਰਿਫ ਮੁੱਖ ਤੌਰ ‘ਤੇ ਫੈਂਟਾਨਿਲ (fentanyl) ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ਦੇ ਸਬੰਧ ਵਿੱਚ ਲਗਾਏ ਗਏ ਸਨ।
ਇਸ ਕਟੌਤੀ ਤੋਂ ਬਾਅਦ, ਚੀਨ ‘ਤੇ ਕੁੱਲ ਸੰਯੁਕਤ ਟੈਰਿਫ ਦਰ 57 ਫੀਸਦੀ ਤੋਂ ਘੱਟ ਕੇ 47 ਫੀਸਦੀ ਰਹਿ ਜਾਵੇਗੀ।
ਟਰੰਪ ਤੇ ਸ਼ੀ ਜਿਨਪਿੰਗ ਵਿਚਾਲੇ ਇਹ ਬੈਠਕ ਲਗਭਗ 100 ਮਿੰਟ ਤੱਕ ਚੱਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਾਕਾਤ ਦੇ ਬਾਅਦ ਇਸਨੂੰ ਬਹੁਤ ਸਫਲ ਦੱਸਿਆ ਅਤੇ ਮੁਲਾਂਕਣ ਦੇ ਪੈਮਾਨੇ ‘ਤੇ 10 ਵਿੱਚੋਂ 12 ਅੰਕ ਦਿੱਤੇ। ਟਰੰਪ ਨੇ ਇਹ ਵੀ ਦੱਸਿਆ ਕਿ ਉਹ ਅਪ੍ਰੈਲ ਵਿੱਚ ਚੀਨ ਦੀ ਯਾਤਰਾ ਕਰਨਗੇ, ਜਦੋਂ ਕਿ ਸ਼ੀ ਜਿਨਪਿੰਗ “ਕੁਝ ਸਮੇਂ ਬਾਅਦ” ਅਮਰੀਕਾ ਆਉਣਗੇ।
ਮੁਲਾਕਾਤ ਤੋਂ ਪਹਿਲਾਂ, ਸ਼ੀ ਜਿਨਪਿੰਗ ਨੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਬਹੁਤ ਸਫਲ ਹੋਵੇਗੀ, ਜਦੋਂ ਕਿ ਟਰੰਪ ਨੇ ਸ਼ੀ ਨੂੰ ‘ਬਹੁਤ ਸਖ਼ਤ ਵਾਰਤਾਕਾਰ’ ਕਿਹਾ। ਸ਼ੀ ਜਿਨਪਿੰਗ ਨੇ ਜ਼ੋਰ ਦਿੱਤਾ ਕਿ ਦੁਨੀਆ ਦੀਆਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਵਿਚਾਲੇ ਮਤਭੇਦ ਹੋਣਾ ਆਮ ਗੱਲ ਹੈ, ਪਰ ਉਨ੍ਹਾਂ ਨੇ ਮਤਭੇਦਾਂ ਦੇ ਬਾਵਜੂਦ ਇਕੱਠੇ ਕੰਮ ਕਰਨ ਦੀ ਇੱਛਾ ‘ਤੇ ਜ਼ੋਰ ਦਿੱਤਾ।

