ਨਵੀਂ ਦਿੱਲੀ, 6 ਨਵੰਬਰ 2024 – ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਵੋਟਿੰਗ ਖਤਮ ਹੋ ਰਹੀ ਹੈ, ਨਤੀਜੇ ਵੀ ਆ ਰਹੇ ਹਨ। ਹੁਣ ਤੱਕ 25 ਰਾਜਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ 17 ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 8 ਵਿੱਚ ਜਿੱਤ ਦਰਜ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਗਿਣਤੀ ਦਾ ਰੁਝਾਨ ਤੇਜ਼ੀ ਨਾਲ ਬਦਲ ਰਿਹਾ ਹੈ। ਇਲੈਕਟੋਰਲ ਕਾਲਜ ਦੇ ਰੁਝਾਨਾਂ ਮੁਤਾਬਕ ਡੋਨਾਲਡ ਟਰੰਪ 198 ਸੀਟਾਂ ‘ਤੇ ਅੱਗੇ ਚੱਲ ਰਹੇ ਹਨ, ਜਦਕਿ ਕਮਲਾ ਹੈਰਿਸ 99 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਪ੍ਰਤੀਕ ਹਾਥੀ ਹੁਣ ਤੇਜ਼ੀ ਨਾਲ ਦੌੜ ਰਿਹਾ ਹੈ।
7 ਸਵਿੰਗ ਰਾਜਾਂ ਦੇ ਨਤੀਜੇ ਆਉਣ ਤੱਕ ਕੋਈ ਵੀ ਪਾਰਟੀ ਜਿੱਤ ਦਾ ਦਾਅਵਾ ਨਹੀਂ ਕਰ ਸਕਦੀ। ਸਵਿੰਗ ਰਾਜ ਉਹ ਰਾਜ ਹਨ ਜਿੱਥੇ ਦੋਵਾਂ ਪਾਰਟੀਆਂ ਵਿਚਕਾਰ ਵੋਟ ਦਾ ਅੰਤਰ ਬਹੁਤ ਘੱਟ ਹੈ। ਇਹ ਕਿਸੇ ਵੀ ਪਾਸੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕੁਝ ਰਾਜਾਂ ਵਿੱਚ ਵੋਟਿੰਗ ਖਤਮ ਹੋਣ ਵਿੱਚ ਅਜੇ ਵੀ ਸਮਾਂ ਹੈ। ਅਮਰੀਕਾ ਦੇ 50 ਰਾਜਾਂ ਦੀਆਂ 538 ਇਲੈਕਟੋਰਲ ਵੋਟਾਂ ਯਾਨੀ ਸੀਟਾਂ ਲਈ ਵੋਟਿੰਗ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਈ। ਅੱਜ ਸਵੇਰੇ ਸਾਢੇ ਨੌਂ ਵਜੇ ਤੱਕ ਸਾਰੇ ਰਾਜਾਂ ਵਿੱਚ ਵੋਟਿੰਗ ਖ਼ਤਮ ਹੋ ਜਾਵੇਗੀ।
ਇਸ ਦੇ ਨਾਲ ਹੀ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਹੋਣ ਜਾ ਰਹੀਆਂ ਸੰਸਦੀ ਚੋਣਾਂ ਵਿੱਚ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਲੀਡ ਮਿਲੀ ਹੈ।