ਕੈਲੀਫੋਰਨੀਆ, 24 ਦਸੰਬਰ 2020 – ਉੱਤਰੀ ਕੈਰੋਲਿਨਾ ਦੇ ਇੱਕ ਛੋਟੇ ਕਸਬੇ “ਚ ਇੱਕ ਚਰਚ ਵਿੱਚ ਛੁੱਟੀਆਂ ਮਨਾਉਣ ਕਾਰਨ ਕੋਰੋਨਾ ਵਾਇਰਸ ਦੇ 97 ਮਾਮਲੇ ਸਾਹਮਣੇ ਆਏ ਹਨ ਅਤੇ ਸਥਾਨਕ ਸਿਹਤ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ। ਹੈਂਡਰਸਨ ਕਾਉਂਟੀ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਅਤੇ ਇਸਦੇ ਪ੍ਰਬੰਧਕ, ਐਂਡਰਿਊ ਮੁੰਡੈਂਕ ਦੇ ਇੱਕ ਬਿਆਨ ਅਨੁਸਾਰ ਇਹ ਇਕੱਠ ਐਸ਼ਵਿਲੇ ਦੇ ਦੱਖਣ ਵਿੱਚ ਸਥਿਤ ਹੈਂਡਰਸਨਵਿਲੇ ਵਿੱਚ ਫਸਟ ਬੈਪਟਿਸਟ ਚਰਚ ਵਿੱਚ ਹੋਇਆ ਸੀ ਅਤੇ ਇਹ ਇੱਕ ਮਲਟੀ-ਡੇਅ ਪ੍ਰੋਗਰਾਮ ਸੀ। ਕਾਉਂਟੀ ਚਰਚ ਵਿੱਚ ਹੋਏ ਇਸ ਸਮਾਗਮ ਨਾਲ ਜੁੜੇ 75 ਕੇਸਾਂ ਦੀ ਪੁਸ਼ਟੀ 17 ਦਸੰਬਰ ਤੱਕ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਅਜੇ ਵੀ ਹਾਜ਼ਰੀਨ ਦੇ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ ਜਦਕਿ ਕਾਉਂਟੀ ਵਿੱਚ ਪੁਸ਼ਟੀ ਕੀਤੇ 97 ਕੇਸ ਸੰਬੰਧਿਤ ਹਾਜ਼ਰੀਨ ਵਿੱਚ ਹੋਏ ਮੰਨੇ ਜਾਂਦੇ ਹਨ। ਸਿਹਤ ਵਿਭਾਗ ਨੇ ਫਿਲਹਾਲ ਵਾਇਰਸ ਦੇ ਇਹਨਾਂ ਮਾਮਲਿਆਂ ਸੰਬੰਧੀ ਕਿਸੇ ਦੀ ਮੌਤ ਹੋਣ ਬਾਰੇ ਨਹੀ ਦੱਸਿਆ ਹੈ ਹਾਲਾਂਕਿ ਵਾਇਰਸ ਦੀ ਲਾਗ ਦੇ ਨਤੀਜੇ ਵਜੋਂ ਕੁੱਝ ਮਰੀਜ਼ ਹਸਪਤਾਲ ਵਿੱਚ ਵੀ ਦਾਖਲ ਹੋਏ ਹਨ।