- 5 ਲੋਕਾਂ ਦੀ ਮੌ+ਤ, ਕਈ ਜ਼ਖਮੀ
ਢਾਕਾ, 6 ਜਨਵਰੀ 2024 – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਗੋਪੀਬਾਗ ਇਲਾਕੇ ‘ਚ ਸ਼ੁੱਕਰਵਾਰ (5 ਜਨਵਰੀ) ਰਾਤ ਨੂੰ ਬਦਮਾਸ਼ਾਂ ਨੇ ਇਕ ਟਰੇਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਰਾਤ 9.05 ਵਜੇ ਵਾਪਰੀ। ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਕੰਟਰੋਲ ਰੂਮ ਦੇ ਡਿਊਟੀ ਅਫਸਰ ਫਰਹਾਦੁਜ਼ਮਾਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਇੱਕ ਟਰੇਨ ਨੂੰ ਅੱਗ ਲੱਗ ਗਈ ਸੀ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।
ਦਰਅਸਲ, ਬੰਗਲਾਦੇਸ਼ ਵਿੱਚ 12ਵੀਂ ਆਮ ਚੋਣ ਲਈ 7 ਜਨਵਰੀ ਨੂੰ ਵੋਟਾਂ ਪੈਣਗੀਆਂ। ਸ਼ੇਖ ਹਸੀਨਾ 2009 ਤੋਂ ਪ੍ਰਧਾਨ ਮੰਤਰੀ ਹੈ ਅਤੇ 5ਵੀਂ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰ ਹੈ।
ਪੁਲਿਸ ਅਧਿਕਾਰੀ ਅਨਵਰ ਹੁਸੈਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅੱਗ ਭੰਨਤੋੜ ਤੋਂ ਬਾਅਦ ਲਾਈ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਲਾਈ ਗਈ ਅੱਗ ਟਰੇਨ ਦੇ 5 ਡੱਬਿਆਂ ਤੱਕ ਫੈਲ ਗਈ। ਫਿਲਹਾਲ ਪੁਲਿਸ ਜਾਨੀ ਅਤੇ ਨੁਕਸਾਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਟਰੇਨ ਢਾਕਾ ਨੂੰ ਬੰਗਲਾਦੇਸ਼ ਦੀ ਸਭ ਤੋਂ ਮਹੱਤਵਪੂਰਨ ਬੰਦਰਗਾਹ ਬੇਨਾਪੋਲ ਨਾਲ ਜੋੜਦੀ ਹੈ।
ਵਿਰੋਧੀ ਧਿਰ ਨੇ ਬੰਗਲਾਦੇਸ਼ ਵਿੱਚ 7 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਇਕ ਵਾਰ ਫਿਰ ਸ਼ੇਖ ਹਸੀਨਾ ਦੀ ਜਿੱਤ ਦੀ ਸੰਭਾਵਨਾ ਹੈ।
ਹਸੀਨਾ ਨੇ ਮੁੱਖ ਵਿਰੋਧੀ ਪਾਰਟੀ ਬੀਐਨਪੀ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਇਸ ਵਿੱਚ ਸਭ ਤੋਂ ਵੱਡਾ ਨਾਮ ਬੀਐਨਪੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਦਾ ਹੈ। ਹਸੀਨਾ ਮੁਤਾਬਕ ਉਹ ਬੰਗਲਾਦੇਸ਼ ਦਾ ਪੈਸਾ ਦੂਜੇ ਦੇਸ਼ਾਂ ਨੂੰ ਭੇਜ ਰਹੇ ਹਨ।
ਚੋਣਾਂ ‘ਚ ਹਿੱਸਾ ਨਾ ਲੈਣ ਦੇ ਫੈਸਲੇ ‘ਤੇ ਰਹਿਮਾਨ ਨੇ ਕਿਹਾ ਕਿ ਅਜਿਹੀ ਚੋਣ ‘ਚ ਹਿੱਸਾ ਲੈਣ ਦਾ ਕੋਈ ਮਤਲਬ ਨਹੀਂ ਹੈ ਜਿਸ ਦੇ ਨਤੀਜੇ ਪਹਿਲਾਂ ਹੀ ਤੈਅ ਹੋ ਚੁੱਕੇ ਹੋਣ। ਚੋਣਾਂ ਪਾਰਦਰਸ਼ੀ ਢੰਗ ਨਾਲ ਨਹੀਂ ਕਰਵਾਈਆਂ ਜਾ ਰਹੀਆਂ, ਇਸ ਲਈ ਉਨ੍ਹਾਂ ਦੀ ਆਗੂ ਖਾਲਿਦਾ ਜ਼ਿਆ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।