ਨਵੀਂ ਦਿੱਲੀ, 30 ਨਵੰਬਰ 2024 – ਚੀਨ ਦੇ ਹੁਨਾਨ ਸੂਬੇ ਵਿੱਚ ਸੋਨੇ ਦੇ ਵੱਡੇ ਭੰਡਾਰ ਦੀ ਖੋਜ ਕੀਤੀ ਗਈ ਹੈ। ਹੁਨਾਨ ਸੂਬੇ ਦੇ ਭੂ-ਵਿਗਿਆਨਕ ਬਿਊਰੋ ਨੇ ਕਿਹਾ ਹੈ ਕਿ ਸੋਨੇ ਦੀ ਇਹ ਖੋਜ ਪਿੰਗਜ਼ਿਆਂਗ ਕਾਉਂਟੀ ਵਿੱਚ ਕੀਤੀ ਗਈ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਖਾਨ ਵਿੱਚ 1000 ਮੀਟ੍ਰਿਕ ਟਨ ਉੱਚ ਗੁਣਵੱਤਾ ਵਾਲਾ ਸੋਨਾ ਹੋ ਸਕਦਾ ਹੈ। ਇਸ ਸੋਨੇ ਦੀ ਕੀਮਤ ਭਾਰਤੀ ਰੁਪਏ ‘ਚ ਲਗਭਗ 7 ਲੱਖ ਕਰੋੜ ਰੁਪਏ ਦੱਸੀ ਗਈ ਹੈ। ਇਹ ਖੋਜ ਚੀਨ ਦੇ ਸੋਨੇ ਦੇ ਬਾਜ਼ਾਰ ਵਿਚ ਵੱਡਾ ਬਦਲਾਅ ਲਿਆ ਸਕਦੀ ਹੈ। ਇਹ ਦੁਨੀਆ ਵਿੱਚ ਹੁਣ ਤੱਕ ਖੋਜਿਆ ਗਿਆ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਹੈ।
‘ਦਿ ਸਨ’ ਦੀ ਰਿਪੋਰਟ ਮੁਤਾਬਕ ਚੀਨ ਦੇ ਵਾਂਗਹੂ ਗੋਲਡ ਫੀਲਡ ‘ਚ ਸੋਨੇ ਦੀ ਇਸ ਅਦਭੁਤ ਖੋਜ ਤੋਂ 500 ਮਿਲੀਅਨ ਜਾਂ 50 ਕਰੋੜ ਸੋਨੇ ਦੀਆਂ ਮੁੰਦਰੀਆਂ ਬਣ ਸਕਦੀਆਂ ਹਨ। ਸੋਨੇ ਦੀ ਮੁੰਦਰੀ ਦਾ ਔਸਤ ਭਾਰ ਆਮ ਤੌਰ ‘ਤੇ ਦੋ ਗ੍ਰਾਮ ਹੁੰਦਾ ਹੈ। ਇੱਕ ਟਨ ਵਿੱਚ ਇੱਕ ਮਿਲੀਅਨ ਗ੍ਰਾਮ ਹੁੰਦੇ ਹਨ। ਇਸ ਮਾਮਲੇ ਵਿੱਚ 1,000 ਟਨ ਸੋਨੇ ਦਾ ਭਾਰ ਇੱਕ ਅਰਬ ਗ੍ਰਾਮ ਹੋਵੇਗਾ। ਅਜਿਹੇ ‘ਚ ਇਹ ਸੋਨਾ 50 ਕਰੋੜ ਮੁੰਦਰੀਆਂ ਬਣਾਉਣ ਲਈ ਕਾਫੀ ਹੈ। ਅਜਿਹੇ ‘ਚ ਇਸ ਰਿਜ਼ਰਵ ਨਾਲ ਚੀਨ ਆਪਣੀ ਆਬਾਦੀ ਦੀਆਂ ਜ਼ਿਆਦਾਤਰ ਔਰਤਾਂ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਸਕਦਾ ਹੈ। ਚੀਨ ਦੀ ਕੁੱਲ ਔਰਤਾਂ ਦੀ ਆਬਾਦੀ ਲਗਭਗ 68 ਕਰੋੜ ਹੈ।
ਰਿਪੋਰਟ ਮੁਤਾਬਕ ਇਹ ਖੋਜ ਪਿੰਗਜ਼ਿਆਂਗ ਕਾਉਂਟੀ ਦੇ ਖੇਤਾਂ ਦੇ ਹੇਠਾਂ ਹੋਈ ਹੈ। ਇੱਥੇ 40 ਤੋਂ ਵੱਧ ਸੋਨੇ ਦੀਆਂ ਵੇਨ ਮਿਲੀਆਂ ਹਨ। ਜ਼ਮੀਨ ਹੇਠਾਂ ਸੋਨੇ ਦੀਆਂ ਇਹ ਵੇਨ ਮਤਲਬ ਸੋਨੇ ਦੇ ਭੰਡਾਰ ਹਜ਼ਾਰਾਂ ਸਾਲਾਂ ਵਿੱਚ ਭੂ-ਵਿਗਿਆਨਕ ਪ੍ਰਕਿਰਿਆਵਾਂ ਦੁਆਰਾ ਬਣਦੇ ਹਨ। ਮਾਹਿਰਾਂ ਨੇ ਪਹਿਲਾਂ 2,000 ਮੀਟਰ ਦੀ ਡੂੰਘਾਈ ‘ਤੇ ਖੁਦਾਈ ਕੀਤੀ ਅਤੇ 300 ਟਨ ਸੋਨਾ ਮਿਲਿਆ। ਇਸ ਤੋਂ ਬਾਅਦ ਜਦੋਂ ਵਿਗਿਆਨੀਆਂ ਨੇ 3ਡੀ ਮਾਡਲਿੰਗ ਦੀ ਵਰਤੋਂ ਕੀਤੀ ਤਾਂ ਪਤਾ ਲੱਗਾ ਕਿ ਸੋਨੇ ਦੀਆਂ ਵੇਨ 3,000 ਮੀਟਰ ਦੀ ਡੂੰਘਾਈ ਤੱਕ ਜਾ ਸਕਦੀਆਂ ਹਨ। ਅਜਿਹੇ ‘ਚ ਸੋਨਾ 300 ਨਹੀਂ ਸਗੋਂ 1000 ਟਨ ਹੈ।
ਇਹ ਜਾਣਕਾਰੀ ਦਿੰਦਿਆਂ ਭੂ-ਵਿਗਿਆਨੀ ਚੇਨ ਰੁਲਿਨ ਨੇ ਦੱਸਿਆ ਕਿ ਡ੍ਰਿਲਡ ਰਾਕ ਕੋਰ ਵਿੱਚ ਸੋਨਾ ਦਿਖਾਈ ਦੇ ਰਿਹਾ ਸੀ। ਰੁਲਿਨ ਨੂੰ ਉਮੀਦ ਹੈ ਕਿ ਸਾਈਟ ਦੇ ਬਾਹਰੀ ਹਿੱਸੇ ਵਿੱਚ ਹੋਰ ਸੋਨਾ ਪਾਇਆ ਜਾ ਸਕਦਾ ਹੈ। ਹੁਨਾਨ ਪ੍ਰਾਂਤ ਦੇ ਭੂ-ਵਿਗਿਆਨਕ ਬਿਊਰੋ ਨੇ ਰਿਪੋਰਟ ਦਿੱਤੀ ਹੈ ਕਿ ਇਹ ਭੰਡਾਰ ਨਾ ਸਿਰਫ਼ ਸੋਨੇ ਦੀ ਮਾਤਰਾ ਦੇ ਲਿਹਾਜ਼ ਨਾਲ ਸਗੋਂ ਇਸਦੀ ਗੁਣਵੱਤਾ ਦੇ ਲਿਹਾਜ਼ ਨਾਲ ਵੀ ਅਮੀਰ ਹੈ। ਇਸ ਸੋਨੇ ਦੇ ਭੰਡਾਰ ਤੋਂ ਲਏ ਗਏ ਨਮੂਨਿਆਂ ਦੇ ਟੈਸਟਾਂ ਨੇ ਦਿਖਾਇਆ ਹੈ ਕਿ ਸਾਈਟ ‘ਤੇ ਹਰ ਟਨ ਧਾਤੂ ਵਿੱਚ ਲਗਭਗ 138 ਗ੍ਰਾਮ ਸ਼ੁੱਧ ਸੋਨਾ ਹੁੰਦਾ ਹੈ। ਇਹ ਉੱਚ ਗੁਣਵੱਤਾ ਵਾਲੇ ਸੋਨੇ ਲਈ ਅੱਠ ਗ੍ਰਾਮ ਪ੍ਰਤੀ ਟਨ ਦੇ ਘੱਟੋ-ਘੱਟ ਮੁੱਲ ਤੋਂ ਬਹੁਤ ਜ਼ਿਆਦਾ ਹੈ। ਇਸ ਤੋਂ ਪਹਿਲਾਂ ਚੀਨ ਦੀ ਸਭ ਤੋਂ ਵੱਡੀ ਸੋਨੇ ਦੀ ਸਾਈਟ ਪੂਰਬੀ ਸ਼ਾਨਡੋਂਗ ਸੂਬੇ ਵਿੱਚ ਜਿਲਿੰਗ ਖਾਨ ਸੀ। ਇਸ ਸਾਈਟ ਵਿੱਚ 600 ਮਿਲੀਅਨ ਟਨ ਸੋਨਾ ਹੈ। ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਸੋਨੇ ਦੀ ਖਾਣ ਦੱਖਣੀ ਅਫਰੀਕਾ ਦੀ ਦੱਖਣੀ ਡੀਪ ਮਾਈਨ ਹੈ, ਜਿਸ ਵਿੱਚ 929 ਟਨ ਸੋਨਾ ਹੈ।