ਨਵੀਂ ਦਿੱਲੀ, 10 ਦਸੰਬਰ 2020 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਨਵੇਂ ਸੰਸਦ ਭਵਨ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਪਹਿਲਾਂ ਭੂਮੀ ਪੂਜਨ ਕੀਤਾ ਤੇ ਫਿਰ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਸ ਤੋਂ ਬਾਅਦ ਸਰਬ ਧਰਮ ਪ੍ਰਾਰਥਨਾ ਹੋਈ। ਜਿਸ ‘ਚ ਹਿੰਦੂ, ਸਿੱਖ, ਇਸਾਈ, ਮੁਸਲਿਮ, ਬੋਧੀ, ਜੈਨੀ ਅਤੇ ਹੋਰ ਧਰਮਾਂ ਦੇ ਧਰਮ ਗੁਰੂਆਂ ਨੇ ਪ੍ਰਾਰਥਨਾ ਕੀਤੀ। ਨਵੇਂ ਭਵਨ ਦਾ ਨਿਰਮਾਣ ਕਾਰਜ ਅਕਤੂਬਰ 2022 ਤੱਕ ਪੂਰਾ ਕਰਨ ਦੀ ਤਿਆਰੀ ਹੈ ਤਾਂ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਇਸੇ ਭਵਨ ‘ਚ ਇਜਲਾਸ ਦਾ ਆਯੋਜਨ ਹੋ ਸਕੇ।
ਨਵੇਂ ਸੰਸਦ ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ ਕਰਾਇਆ ਜਾਵੇਗਾ। ਨਵਾਂ ਸੰਸਦ ਭਵਨ ਅਤਿਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਹੋਵੇਗਾ। ਸੋਲਰ ਸਿਸਟਮ ਨਾਲ ਊਰਜਾ ਦੀ ਬੱਚਤ ਹੋਵੇਗੀ। ਨਵੀਂ ਲੋਕ ਸਭਾ ਮੌਜੂਦਾ ਆਕਾਰ ਤੋਂ ਤਿੰਨ ਗੁਣਾ ਵੱਡੀ ਹੋਵੇਗੀ ਤੇ ਰਾਜ ਸਭਾ ਕੇ ਆਕਾਰ ਵਿੱਚ ਵਾਧਾ ਕੀਤਾ ਗਿਆ ਹੈ। ਨਵੇਂ ਸੰਸਦ ਭਵਨ ਦਾ ਡਿਜ਼ਾਈਨ ਐਚ. ਸੀ. ਪੀ. ਡਿਜ਼ਾਈਨ ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ।