ਚੰਡੀਗੜ੍ਹ: ਪੰਜਾਬ ਸਰਕਾਰ ‘ਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਆਜ਼ਾਦੀ ਦਿਹਾੜੇ ‘ਤੇ ਉਨ੍ਹਾਂ ਮਾਨਸਾ ‘ਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੁਝ ਨਵੇਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਐਤਵਾਰ ਹੀ ਉਨ੍ਹਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਮਾਨਸਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਅਧਿਕਾਰੀਆਂ ਨੂੰ ਵੀ ਕੋਰੋਨਾ ਜਾਂਚ ਕਰਾਉਣ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਝੰਡਾ ਲਹਿਰਾਉਣ ਦੀ ਰਸਮ ਅਦਾਇਗੀ ਮੌਕੇ ‘ਤੇ ਮੰਤਰੀ ਜੀ ਸਟੇਜ ‘ਤੇ ਕਰੋਨਾ ਤੋਂ ਬਚਣ ਲਈ ਸਰਕਾਰ ਦੇ ਨਿਯਮਾਂ ਦੇ ਪਾਲਣ ਕਾਰਨ ਲਈ ਗੁਹਾਰ ਲਗਾਉਂਦੇ ਰਹੇ ਅਤੇ ਖੁਦ ਬਿਨਾਂ ਮਾਸਕ ਪਾਏ ਸਾਰੇ ਪ੍ਰੋਗਰਾਮ ਕਰਦੇ ਰਹੇ, ਜਦਕਿ ਖੁਦ ਉਹ ਦੱਸ ਰਹੇ ਹਨ ਕਿ ਉਨ੍ਹਾਂ ਦਾ 3 ਦਿਨ ਤੋਂ ਗਲਾ ਠੀਕ ਨਹੀਂ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਮੰਤਰੀ ਜੀ ਇਸ ਮਹਾਮਾਰੀ ਨੂੰ ਰੋਕਣ ਲਈ ਕਿੰਨੇ ਗੰਭੀਰ ਹਨ।
ਇਹ ਵੀ ਜ਼ਰੂਰ ਦੇਖੋ:
ਕਾਂਗੜ ਨੇ ਸ਼ਨੀਵਾਰ ਗਲੇ ‘ਚ ਦਿੱਕਤ ਆਉਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਸੀ। ਇਸ ਵੇਲੇ ਉਹ ਰਾਮਪੁਰਾ ‘ਚ ਆਪਣੇ ਪਿੰਡ ਕਾਂਗੜ ‘ਚ ਘਰ ‘ਚ ਇਕਾਂਤਵਾਸ ਹਨ। ਬੇਸ਼ੱਕ ਕੈਬਨਿਟ ਮੰਤਰੀ ਕੋਰੋਨਾ ਪੌਜ਼ੇਟਿਵ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।