ਗੁਰਦਾਸਪੁਰ, 27 ਅਗਸਤ 2025 – ਪੰਜਾਬ ਵਿੱਚ ਲਗਾਤਾਰ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਕਾਰਨ ਨਦੀਆਂ ਭਰ ਗਈਆਂ ਹਨ ਅਤੇ ਓਵਰਫਲੋ ਹੋ ਕੇ ਵਗ ਰਹੀਆਂ ਹਨ। ਜਿਸ ਕਾਰਨ ਕਈ ਜ਼ਿਲ੍ਹਿਆਂ ‘ਚ ਹੜ੍ਹ ਆ ਗਏ ਹਨ।
ਉੱਥੇ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗੁਰਦਾਸਪੁਰ ਦੇ ਦਬੂੜੀ ਵਿੱਚ ਸਥਿਤ ਨਵੋਦਿਆ ਵਿਦਿਆਲਿਆ ਵਿੱਚ 400 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਹੜ੍ਹ ਦੇ ਪਾਣੀ ਵਿੱਚ ਫਸ ਗਏ ਹਨ। ਸਕੂਲ ਦੀ ਜ਼ਮੀਨੀ ਮੰਜ਼ਿਲ 5 ਫੁੱਟ ਤੱਕ ਪਾਣੀ ਨਾਲ ਭਰ ਗਈ ਹੈ। ਬੱਚਿਆਂ ਨੂੰ ਪਹਿਲੀ ਮੰਜ਼ਿਲ ‘ਤੇ ਰੱਖਿਆ ਗਿਆ ਹੈ। ਸਾਰਿਆਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਕੂਲ ਦੇ ਅੰਦਰ ਅਤੇ ਬਾਹਰ ਕਈ ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਕਾਰਨ ਮਾਪੇ ਚਿੰਤਤ ਹਨ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੱਢਣ ਲਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਿਸ਼ਤੀਆਂ ਰਾਹੀਂ ਬਚਾਇਆ ਜਾਵੇਗਾ। ਡੀਸੀ ਦਲਵਿੰਦਰ ਜੀਤ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਨੇ ਸਵੇਰੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ। ਬੱਸਾਂ ਭੇਜੀਆਂ ਗਈਆਂ ਸਨ, ਪਰ ਪਾਣੀ ਭਰ ਗਿਆ। ਇਸ ਤੋਂ ਬਾਅਦ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਭੇਜੀਆਂ ਗਈਆਂ ਹਨ।

ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਪਹਿਲੀ ਮੰਜ਼ਿਲ ‘ਤੇ ਰੱਖਿਆ ਗਿਆ ਹੈ। ਪੰਜਾਬ ਦੇ ਸਕੂਲਾਂ ਵਿੱਚ 27 ਤਰੀਕ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 30 ਅਗਸਤ ਤੱਕ ਸਾਰੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
