ਜਲੰਧਰ, 4 ਫਰਵਰੀ 2022 – ਜ਼ਿਲ੍ਹਾ ਜਲੰਧਰ ਨੇ ਮਿਸ਼ਨ ਸਮਾਰਟ ਸਿਟੀ ਵਿੱਚ ਦੇਸ਼ ’ਚ 11 ਰੈਂਕ ਹਾਸਲ ਕਰਕੇ ਵੱਡੀ ਉਪਲਬਧੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ. ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ 100 ਸ਼ਹਿਰਾਂ ਲਈ ਨਵੀਂ ਰੈਂਕਿੰਗ ਜਾਰੀ ਕੀਤੀ ਗਈ ਹੈ, ਜਿਸ ਵਿੱਚ ਜਲੰਧਰ ਨੇ 11ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ ਸਾਲ ਸ਼ਹਿਰ 86ਵੇਂ ਸਥਾਨ ‘ਤੇ ਸੀ ਜਦਕਿ ਜਨਵਰੀ ‘ਚ ਸ਼ਹਿਰ ਨੇ 69ਵਾਂ ਰੈਂਕ ਹਾਸਲ ਕਰਕੇ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਰੈਂਕਿੰਗ ‘ਚ ਜਲੰਧਰ ਨੂੰ ਸਾਰੇ ਭਾਗੀਦਾਰਾਂ ‘ਚ 11ਵਾਂ ਸਥਾਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਦੇ ਹਿੱਸੇ ਦੀ ਸਮੁੱਚੀ ਰਾਸ਼ੀ ਸਮੇਂ ਸਿਰ ਜਾਰੀ ਕਰਨ ਅਤੇ ਖਰਚ ਦਰ ਵਿੱਚ ਵਾਧੇ ਨੇ ਇਸ ਸੁਧਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਦੱਸਦਿਆਂ ਕਿਹਾ ਕਿ ਕੁੱਲ 1000 ਕਰੋੜ ਵਿੱਚੋਂ 900 ਕਰੋੜ ਦੇ ਵਿਕਾਸ ਕਾਰਜ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਮੀਨੀ ਪੱਧਰ ‘ਤੇ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਪ੍ਰਾਜੈਕਟ ਜਿਵੇਂ ਕਿ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ, ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ, ਸਟੋਰਮ ਸੀਵਰੇਜ ਪ੍ਰਾਜੈਕਟ, ਐਲ.ਈ.ਡੀ. ਲਾਈਟਾਂ, ਸਾਲਿਡ ਵੇਸਟ ਦੀ ਬਾਇਓ ਮਾਈਨਿੰਗ, ਗ੍ਰੀਨ ਏਰੀਆ ਡਿਵੈਲਪਮੈਂਟ, ਮਿੱਠਾਪੁਰ ਵਿਖੇ ਸਟੇਡੀਅਮ ਦੀ ਉਸਾਰੀ ਆਦਿ ਕੰਮ ਸ਼ਾਮਲ ਹਨ।
ਸਮਾਰਟ ਸਿਟੀ ਦੇ ਸੀਈਓ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਮਿਸ਼ਨ ਨੇ ਅਥਾਰਟੀ ਵੱਲੋਂ ਨਿਰਧਾਰਤ ਸਾਰੇ ਹਿੱਸਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ । ਉਨ੍ਹਾਂ 100 ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਜਲੰਧਰ ਨੂੰ ਮੋਹਰੀ ਸ਼ਹਿਰ ਬਣਾਉਣ ਲਈ ਇਸ ਮਿਸ਼ਨ ਵਿੱਚ ਲੱਗੇ ਕਰਮਚਾਰੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਇਸ ਦੌਰਾਨ ਸਮਾਰਟ ਸਿਟੀ ਮਿਸ਼ਨ ਦੇ ਸੀ.ਈ.ਓ. ਕਰਨੇਸ਼ ਸ਼ਰਮਾ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਾਲੇ ਜਲੰਧਰ ਪ੍ਰਸ਼ਾਸਨ ਵੱਲੋਂ ਇਸ ਮਿਸ਼ਨ ਤਹਿਤ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।