ਅੰਮ੍ਰਿਤਸਰ, 13 ਜੁਲਾਈ 2025 – ਸ੍ਰੀ ਦਰਬਾਰ ਸਾਹਿਬ ਵੱਲ ਜਾਣ ਵਾਲੇ ਮੱਖ ਰਸਤੇ ਨੂੰ ਸਾਫ਼, ਸੁਥਰਾ ਅਤੇ ਆਕਰਸ਼ਕ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਡਿਪਟੀ ਕਮਿਸ਼ਨਰ (ਡੀਸੀ) ਸਾਕਸ਼ੀ ਸਾਹਨੀ ਨੇ ਹੈਰੀਟੇਜ ਸਟ੍ਰੀਟ ਦਾ ਦੌਰਾ ਕਰਦਿਆਂ ਐਲਾਨ ਕੀਤਾ ਕਿ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੇ ਰਸਤੇ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ। ਇਸ ਲਈ ਇਲਾਕੇ ਦੇ ਦੁਕਾਨਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ।
ਡੀਸੀ ਨੇ ਦੌਰੇ ਦੌਰਾਨ ਸਾਫ਼ ਸ਼ਬਦਾਂ ’ਚ ਚੇਤਾਵਨੀ ਦਿੱਤੀ ਕਿ ਜੇਕਰ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ, ਤਾਂ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਨਿਰਦੇਸ਼ਾਂ ਅੰਦਰ ਨਾ ਸਿਰਫ਼ ਪਲਾਸਟਿਕ ਦੀ ਵਰਤੋਂ ਤੇ ਰੋਕ ਲਾਈ ਗਈ ਹੈ, ਸਗੋਂ ਗੈਰਕਾਨੂੰਨੀ ਕਬਜ਼ਿਆਂ ਨੂੰ ਹਟਾਉਣ, ਸਫਾਈ ਪ੍ਰਣਾਲੀ ਸੁਧਾਰਨ ਅਤੇ ਆਕਰਸ਼ਕ ਢਾਂਚਿਆਂ ਦੀ ਯੋਜਨਾ ਨੂੰ ਵੀ ਤਰਜੀਹ ਦਿੱਤੀ ਗਈ ਹੈ।
ਪੁਰਾਣੀ ਸਬਜ਼ੀ ਮੰਡੀ ‘ਚ ਪਏ ਮਲਬੇ ਨੂੰ ਹਟਾ ਕੇ ਪਾਰਕਿੰਗ ਬਣਾਉਣ, ਮੂਰਤੀਆਂ ਦੇ ਨੇੜੇ ਕੂੜੇਦਾਨਾਂ ਨੂੰ ਹਟਾਉਣ, ਧਰਮ ਸਿੰਘ ਮਾਰਕੀਟ ਦੇ ਬਾਹਰ ਫੁਹਾਰਾ ਅਤੇ ਲਾਈਟਿੰਗ ਦਾ ਪ੍ਰਬੰਧ ਕਰਨ, ਟਾਊਨ ਹਾਲ ਬਾਗ ਦੀ ਸੰਭਾਲ ਅਤੇ ਵਾਟਰ ਏਟੀਐਮ ਦੀ ਨਿਰੰਤਰ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਨਾਲ, ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਗੂਗਲ ਫਾਰਮ ਰਾਹੀਂ ਫੀਡਬੈਕ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਡੀਸੀ ਨੇ ਕਿਹਾ ਇਸ ਤਰ੍ਹਾਂ ਕਰਨ ਨਾਲ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸੰਗਤਾਂ ਨੂੰ ਪਵਿੱਤਰਤਾ ਅਤੇ ਸਫ਼ਾਈ ਭਰਪੂਰ ਮਾਹੌਲ ਮਿਲੇਗਾ।

