ਚੰਡੀਗੜ੍ਹ, 7 ਜੁਲਾਈ 2025 – ਭਾਰਤ ਦੇ 50ਵੇਂ ਚੀਫ਼ ਜਸਟਿਸ (CJI) ਡੀਵਾਈ ਚੰਦਰਚੂੜ ਨੂੰ ਸੇਵਾਮੁਕਤ ਹੋਏ 8 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਨੇ ਅਜੇ ਤੱਕ ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ ਹੈ। ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ‘ਚ ਸੁਪਰੀਮ ਕੋਰਟ ਨੇ ਸਾਬਕਾ ਸੀਜੇਆਈ ਨੂੰ ਜਲਦੀ ਤੋਂ ਜਲਦੀ ਬੰਗਲਾ ਖਾਲੀ ਕਰਨ ਦਾ ਹੁਕਮ ਦਿੱਤਾ ਹੈ।
ਸੁਪਰੀਮ ਕੋਰਟ ਪ੍ਰਸ਼ਾਸਨ ਨੇ 1 ਜੁਲਾਈ ਨੂੰ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਅਤੇ ਤੁਰੰਤ ਬੰਗਲਾ ਖਾਲੀ ਕਰਨ ਦਾ ਆਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਆਪਣੇ ਨੋਟਿਸ ਵਿੱਚ ਕਿਹਾ- ਕਿ 2022 ਦੇ ਨਿਯਮ 3B ਦੇ ਅਨੁਸਾਰ, ਉਨ੍ਹਾਂ ਨੂੰ ਬੰਗਲੇ ਵਿੱਚ 6 ਮਹੀਨੇ ਹੋਰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਸਮਾਂ 10 ਮਈ 2025 ਨੂੰ ਖ਼ਤਮ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ 31 ਮਈ 2025 ਤੱਕ ਵਾਧੂ ਸਮੇਂ ਲਈ ਬੰਗਲੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਡੀਵਾਈ ਚੰਦਰਚੂੜ ਨਵੰਬਰ 2022 ਤੋਂ ਨਵੰਬਰ 2024 ਤੱਕ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਨ। ਉਹ 10 ਨਵੰਬਰ 2024 ਨੂੰ ਸੇਵਾਮੁਕਤ ਹੋਏ ਸਨ। ਹਾਲਾਂਕਿ, ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਟਾਈਪ 8 ਬੰਗਲਾ ਨਹੀਂ ਛੱਡਿਆ ਸੀ। ਸਰਕਾਰੀ ਨਿਯਮ ਅਨੁਸਾਰ, ਕੋਈ ਵੀ ਸੀਜੇਆਈ ਸੇਵਾਮੁਕਤੀ ਤੋਂ ਬਾਅਦ 6 ਮਹੀਨਿਆਂ ਤੱਕ ਬੰਗਲੇ ਵਿੱਚ ਰਹਿ ਸਕਦਾ ਹੈ।

ਇਸ ਦੌਰਾਨ ਦੌਰਾਨ ਸਾਬਕਾ ਸੀਜੇਆਈ ਡੀਵਾਈ ਚੰਦਰਚੂੜ ਨੇ ਬੰਗਲਾ ਖਾਲੀ ਨਾ ਕਰਨ ਬਾਰੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਕਿਰਾਏ ‘ਤੇ ਇੱਕ ਨਵੀਂ ਰਿਹਾਇਸ਼ ਅਲਾਟ ਕੀਤੀ ਹੈ। ਹਾਲਾਂਕਿ, ਉੱਥੇ ਕੋਈ ਵੀ ਲੰਬੇ ਸਮੇਂ ਤੋਂ ਨਹੀਂ ਰਿਹਾ, ਜਿਸ ਕਾਰਨ ਘਰ ਦੀ ਹਾਲਤ ਬਹੁਤ ਖਰਾਬ ਸੀ। ਇਸ ਸਮੇਂ ਇਸ ਦੀ ਦੇਖਭਾਲ ਦਾ ਕੰਮ ਚੱਲ ਰਿਹਾ ਹੈ। ਡੀਵਾਈ ਚੰਦਰਚੂੜ ਨੇ ਕਿਹਾ, “ਮੈਂ ਇਸ ਬਾਰੇ ਸੁਪਰੀਮ ਕੋਰਟ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਜਦੋਂ ਘਰ ਦਾ ਕੰਮ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ ਤਾਂ ਮੈਂ ਬਿਨਾਂ ਕਿਸੇ ਦੇਰੀ ਦੇ ਉੱਥੇ ਸ਼ਿਫਟ ਹੋ ਜਾਵਾਂਗਾ।”
