ਡੇਰਾਬੱਸੀ, 10 ਜੁਲਾਈ 2025 – ਪੰਜਾਬ ਅਤੇ ਇਸ ਦੇ ਨਾਲ ਲੱਗਦੇ ਗੁਆਂਢੀ ਸੂਬਿਆਂ ‘ਚ ਪਿਛਲੇ 24 ਘੰਟਿਆਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਪੰਜਾਬ ਦੇ ਨਹਿਰਾਂ-ਨਾਲਿਆਂ ‘ਚ ਪਾਣੀ ਵੱਧਣਾ ਸ਼ੁਰੂ ਹੋ ਗਿਆ ਹੈ। ਇਸੇ ਦੇ ਮੱਦੇਨਜ਼ਰ ਬੁੱਧਵਾਰ ਰਾਤ ਨੂੰ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ‘ਚ ਘੱਗਰ ਦਰਿਆ ‘ਚ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਪਾਣੀ ਇੱਕ ਅਸਥਾਈ ਪੁਲ ਉੱਤੋਂ ਦੀ ਵਗਣ ਲੱਗਾ। ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਣ ਦਾ ਪਤਾ ਲੱਗਾ ਹੈ।
ਜਿਸ ਕਾਰਨ ਪੰਚਕੂਲਾ ਤੋਂ ਜ਼ੀਰਕਪੁਰ ਸ਼ਹਿਰ ਦੇ ਢਕੋਲੀ ਇਲਾਕੇ ਤੋਂ ਹੁੰਦੇ ਹੋਏ ਵਾਇਆ ਡੇਰਾਬੱਸੀ, ਅੰਬਾਲਾ ਅਤੇ ਦਿੱਲੀ ਜਾਣ ਵਾਲਾ ਟ੍ਰੈਫਿਕ ਕਾਜਵੇ ਤੋਂ ਪਾਣੀ ਲੰਘਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਪੁਲਸ ਅਤੇ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਇਲਾਕੇ ਲਈ ਅਲਰਟ ਜਾਰੀ ਕਰ ਦਿੱਤਾ ਅਤੇ ਲੋਕਾਂ ਲਈ ਵੀ ਇੱਧਰ ਨਾ ਆਉਣ ਦੀ ਐਡਵਈਜ਼ਰੀ ਜਾਰੀ ਕੀਤੀ ਹੈ।

