ਗੁਰਦਾਸਪੁਰ, 20 ਸਤੰਬਰ 2024 – ਥਾਣਾ ਘਣੀਏਕੇ ਬਾਂਗਰ ਦੀ ਪੁਲੀਸ ਨੇ ਲੁੱਟ-ਖੋਹ, ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸੱਤ ਅਗਸਤ ਨੂੰ ਪਿੰਡ ਕਲੇਰ ਕਲਾਂ ਵਿੱਚ ਇੱਕ ਕੰਪਿਊਟਰ ਦੀ ਦੁਕਾਨ ਤੇ ਦਿਨਦਿਹਾੜੇ ਹੋਈ ਡਕੈਤੀ ਦੀ ਵਾਰਦਾਤ ਵੀ ਸੁਲਝਾ ਲਈ ਗਈ ਹੈ, ਪਰ ਇਹਨਾਂ ਦੇ ਦੋ ਸਾਥੀ ਜੋ ਮੁੱਖ ਮੁਲਜ਼ਮ ਹਨ ਅਜੇ ਵੀ ਫਰਾਰ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਚੂੜੀਆਂ ਦੇ ਡੀਐੱਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਤਿੰਨ ਥਾਣੇਦਾਰਾ ਦੀ ਟੀਮ ਬਣਾਈ ਗਈ ਸੀ। ਟੀਮ ਨੇ ਤਕਨੀਕੀ ਤਰੀਕੇ ਅਪਣਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਉਸ ਨੇ ਦੱਸਿਆ ਕਿ 7 ਸਤੰਬਰ ਨੂੰ ਅੱਡਾ ਕਲੇਰ ਕਲਾਂ ਦੇ ਇੱਕ ਕੰਪਿਊਟਰ ਸੈਂਟਰ ਵਿੱਚ ਲੁੱਟ ਦੀ ਵਾਰਦਾਤ ਹੋਈ ਸੀ, ਜਿਸ ‘ਤੇ ਪੁਲੀਸ ਨੇ ਮਨਪ੍ਰੀਤ ਸਿੰਘ, ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਹਨਾਂ ਨੇ ਦੱਸਿਆ ਕਿ ਬੀਤੀ 14 ਸਤੰਬਰ ਨੂੰ ਇਹਨਾਂ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਮਨਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਪਿੰਡ ਕਿਲਾ ਦੇਸਾ ਸਿੰਘ ਵਿਖੇ ਨੇ ਹਸਪਤਾਲ ਦੇ ਮੁਲਾਜ਼ਮ ਤੋਂ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਲੁੱਟ ਲਿਆ ਸੀ, ਇਹਨਾਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ, ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਅੱਡਾ ਜੇਜਿਆਣੀ ਵਿੱਚ ਇੱਕ ਔਰਤ ਤੋਂ ਲੁੱਟੀ ਗਈ ਸਕੂਟੀ ਵੀ ਮਨਪ੍ਰੀਤ ਸਿੰਘ ਕੋਲੋਂ ਬਰਾਮਦ ਕੀਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਹੋਰ ਵੀ ਕਈ ਵਾਰਦਾਤਾਂ ਦਾ ਖੁਲਾਸਾ ਹੋ ਸਕਦਾ ਹੈ।