ਮਾਨਸਾ, 20 ਸਤੰਬਰ 2024 – ਮਾਨਸਾ ਦੇ ਪਿੰਡ ਰਾਮਗੜ੍ਹ ਦਰਿਆਪੁਰ ਵਿੱਚ ਰਜਬਾਹੇ (ਨਹਿਰ) ਵਿੱਚ ਪਾੜ ਪੈਣ ਕਾਰਨ ਕਰੀਬ 100 ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਰਜਬਾਹਾ ਦੇ ਟੁੱਟਣ ਲਈ ਨਹਿਰੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੇਰ ਰਾਤ ਬੁਢਲਾਡਾ ਨੇੜਲੇ ਪਿੰਡ ਰਾਮਗੜ੍ਹ ਦਰਿਆਪੁਰ ਵਿਖੇ ਬੁਢਲਾਡਾ ਬਰਾਂਚ ਰਜਬਾਹੇ ਵਿੱਚ 100 ਫੁੱਟ ਦਰਾਰ ਪੈ ਗਈ, ਜਿਸ ਕਾਰਨ ਕਿਸਾਨਾਂ ਦੀ ਕਰੀਬ 100 ਏਕੜ ਨਰਮਾ (ਕਪਾਹ) ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਪਾੜ ਪੈਣ ਕਾਰਨ ਪਿੰਡ ਰੌਲੀ ਅਤੇ ਰਾਮਗੜ੍ਹ ਦਰਿਆਪੁਰ ਵਿੱਚ ਪਾਣੀ ਨੇ ਕਿਸਾਨ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ।
ਪਾੜ ਅਜੇ ਬੰਦ ਨਹੀਂ ਹੋਇਆ ਹੈ। ਪਿੰਡ ਦੇ ਕਿਸਾਨ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਵੀ ਨਹਿਰੀ ਵਿਭਾਗ ਨੂੰ ਕਿਹਾ ਗਿਆ ਸੀ ਕਿ ਪੁਲ ਦੀ ਹੋਰ ਸਫ਼ਾਈ ਕਰਵਾਈ ਜਾਵੇ ਨਹੀਂ ਤਾਂ ਇਸ ਨਾਲੇ ਵਿੱਚ ਦਰਾਰ ਪੈ ਸਕਦੀ ਹੈ। ਪਰ ਵਿਭਾਗ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਰਜਬਾਹੇ (ਨਹਿਰ) ਵਿੱਚ ਪਾੜ ਪੈ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ 100 ਏਕੜ ਦੇ ਕਰੀਬ ਫ਼ਸਲ ਤਬਾਹ ਹੋ ਚੁੱਕੀ ਹੈ ਅਤੇ ਸਰਕਾਰ ਕਿਸਾਨਾਂ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦਾ ਤੁਰੰਤ ਐਲਾਨ ਕਰੇ | ਨਹਿਰੀ ਵਿਭਾਗ ਦੇ ਐਸ.ਡੀ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਉਹ ਰਜਬਾਹੇ ‘ਤੇ ਪੁੱਜੇ ਹਨ ਅਤੇ ਜਲਦੀ ਹੀ ਇਸ ਪਾੜ ਨੂੰ ਮਿੱਟੀ ਪਾ ਕੇ ਬੰਦ ਕਰ ਦਿੱਤਾ ਜਾਵੇਗਾ।